ਚੰਡੀਗੜ ਸਵੀਟਸ ਦੇ ਗੁਦਾਮ ਵਿੱਚ ਅੱਗ ਲੱਗੀ
ਕਰਮਚਾਰੀਆਂ ਨੇ ਦੀਵਾਰਾਂ ਤੋਂ ਛਾਲਾਂ ਮਾਰ ਕੇ ਬਚਾਈਆਂ ਜਾਨਾਂ
ਚੰਡੀਗੜ 5 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ)
ਇਥੋਂ ਦੇ ਸਨਅਤੀ ਏਰੀਆਂ ਫੇਜ਼ ਇੱਕ ’ਚ ਸਥਿਤ ਚੰਡੀਗੜ ਸਵੀਟਸ ਦੇ ਗੋਦਾਮ ਵਿਚ ਅੱਜ ਦੇਰ ਰਾਤ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਗਿਆ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਕਰਨ ਮਗਰੋਂ ਅੱਗ ’ਤੇ ਕਾਬੂ ਪਾਇਆ। ਵੇਰਵਿਆਂ ਅਨੁਸਾਰ ਇਹ ਅੱਗ ਰਾਤ ਕਰੀਬ 9 ਵਜੇ ਲੱਗੀ ਅਤੇ ਅੱਗ ਦੀਆਂ ਲਪਟਾਂ ਕਾਰਨ ਚਾਰੇ ਪਾਸੇ ਧੂੰਆ ਫੈਲ ਗਿਆ। ਚੰਡੀਗੜ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਭੇਜ ਕੇ ਅੱਗ ’ਤੇ ਕਾਬੂ ਪਾਇਆ ਗਿਆ। ਗੋਦਾਮ ਦੇ ਨਾਲ ਹੀ ਚੰਡੀਗੜ੍ਹ ਸਵੀਟਸ ਦੀ ਵਰਕਸ਼ਾਪ ਵੀ ਹੈ, ਜਿਥੇ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਅੱਗ ਕਾਰਨ ਵਰਕਸ਼ਾਪ ਤੇ ਗੋਦਾਮ ਦੋਵੇਂ ਹੀ ਸੜ ਗਏ। ਫਾਇਰ ਵਿਭਾਗ ਦੇ ਕਰਮਚਾਰੀਆਂ ਅਨੁਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਫੈਕਟਰੀ ਵਿਚ ਅੱਗ ਬੁਝਾਉਣ ਲਈ ਵਿਆਪਕ ਪ੍ਬੰਧ ਨਾ ਹੋਣ ਕਾਰਨ ਅੱਗ ’ਤੇ ਤੁਰੰਤ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਦਿਆਂ ਹੀ ਫੈਕਟਰੀ ਦੇ ਕਰਮਚਾਰੀਆਂ ਨੇ ਦੀਵਾਰਾਂ ਤੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਇਸੇ ਦੌਰਾਨ ਸੜਕ ’ਤੇ ਵੀ ਵਾਹਨਾਂ ਦਾ ਜਾਮ ਲੱਗ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪੁੱਜਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।