ਪੇਇੰਗ ਗੈਸਟ (ਪੀ.ਜੀ.) ਖ਼ਿਲਾਫ਼ ਵੱਡੇ ਪੱਧਰ ਉਤੇ ਚੈਕਿੰਗ ਮੁਹਿੰਮ
ਤਕਰੀਬਨ 550 ਪੀ.ਜੀ. ਦੀ ਕੀਤੀ ਚੈਕਿੰਗ; 60 ਕੇਸ ਦਰਜ
ਐਸ.ਏ.ਐਸ. ਨਗਰ, 7 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਜਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਉਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਨੇ ਅੱਜ ਪੇਇੰਗ ਗੈਸਟ (ਪੀ.ਜੀ.) ਖ਼ਿਲਾਫ਼ ਵੱਡੇ ਪੱਧਰ ਉਤੇ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਕਿਰਾਏਦਾਰਾਂ ਦੇ ਦਸਤਾਵੇਜ਼ ਤੇ ਹੋਰ ਵੇਰਵੇ ਜਾਂਚੇ ਗਏ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 60 ਕੇਸ ਦਰਜ ਕੀਤੇ ਗਏ। ਜਿਲਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਪੀ. (ਸਿਟੀ) ਸ. ਹਰਵਿੰਦਰ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ) ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਹੇਠ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਦੌਰਾਨ ਸਬ-ਡਿਵੀਜ਼ਨ ਸ਼ਹਿਰੀ-1 ਅਤੇ ਸਬ-ਡਿਵੀਜ਼ਨ ਸ਼ਹਿਰੀ-2 ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਪੈਂਦੇ ਰਿਹਾਇਸ਼ੀ ਏਰੀਆ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਮੁਹਿੰਮ ਦੌਰਾਨ 13 ਡੀ.ਐਸ.ਪੀ., 81 ਐਨ.ਜੀ.ਓ., 213 ਈ.ਪੀ.ਓ.(ਪੁਰਸ਼) ਅਤੇ 106 ਈ.ਪੀ.ਓ (ਮਹਿਲਾ), ਕੁੱਲ 414 ਮੁਲਾਜ਼ਮਾਂ ਦੀਆਂ ਵੱਖ ਵੱਖ ਟੀਮਾਂ ਨੇ ਸਬ-ਡਿਵੀਜ਼ਨ ਸ਼ਹਿਰੀ-1 ਅਧੀਨ ਪੈਂਦੇ ਕਰੀਬ 300 ਪੀ.ਜੀ. ਅਤੇ ਸਬ-ਡਿਵੀਜ਼ਨ ਸ਼ਹਿਰੀ-2 ਅਧੀਨ ਪੈਂਦੇ ਕਰੀਬ 250 ਪੀ.ਜੀ ਅਤੇ ਇਨ੍ਹਾਂ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਚੈਕਿੰਗ ਕੀਤੀ। ਜਿਲਾ ਪੁਲੀਸ ਮੁਖੀ ਸ. ਭੁੱਲਰ ਨੇ ਦੱਸਿਆ ਕਿ ਇਹ ਗੱਲ ਧਿਆਨ ਵਿੱਚ ਆਈ ਸੀ ਕਿ ਕੁਝ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਬਿਨਾਂ ਪੜਤਾਲ ਤੋਂ ਪੇਇੰਗ ਗੈਸਟ ਅਤੇ ਕਿਰਾਏਦਾਰ ਰੱਖੇ ਹੋਏ ਹਨ, ਜਿਸ ਮਗਰੋਂ ਇਹ ਚੈਕਿੰਗ ਕਰਵਾਈ ਗਈ। ਚੈਕਿੰਗ ਦੌਰਾਨ ਜਿੰਨਾ ਮਕਾਨ ਮਾਲਕਾਂ ਨੇ ਆਪਣੇ ਮਕਾਨਾਂ ਵਿੱਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਪੜਤਾਲ ਤੋਂ ਪੀ.ਜੀ. ਅਤੇ ਕਿਰਾਏਦਾਰ ਰੱਖੇ ਹੋਏ ਸਨ, ਉਨ੍ਹਾਂ ਮਕਾਨ ਮਾਲਕਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ 60 ਕੇਸ ਦਰਜ ਕੀਤੇ ਗਏ। ਸ. ਭੁੱਲਰ ਨੇ ਇਸ ਸਬੰਧੀ ਆਪ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਪੀ.ਜੀ. ਜਾਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਦੀ ਪੜਤਾਲ ਕਰਵਾਈ ਜਾਵੇ। ਭਵਿੱਖ ਵਿੱਚ ਵੀ ਜਿਹੜੇ ਮਕਾਨ ਮਾਲਕ ਨਾਜਾਇਜ਼ ਤੌਰ ਉਤੇ ਅਤੇ ਬਿਨਾਂ ਪੜਤਾਲ ਤੋਂ ਪੀ.ਜੀ. ਅਤੇ ਕਿਰਾਏਦਾਰ ਆਪਣੇ ਮਕਾਨਾਂ ਵਿੱਚ ਰੱਖਣਗੇ, ਓਹਨਾ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੇਇੰਗ ਗੈਸਟਸ (ਪੀ.ਜੀ.) ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।