ਸਿਹਤ ਮੰਤਰੀ ਵੱਲੋਂ ਪਿੰਡ ਸਨੇਟਾ ਤੋਂ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ
ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦੀ ਘਾਟ ਨਹੀਂ ਆਉਣ ਦਿਆਂਗੇ : ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, 8 ਜੁਲਾਈ {ਗੁਰਵਿੰਦਰ ਸਿੰਘ ਮੋਹਾਲੀ} ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਪਿੰਡ ਸਨੇਟਾ ਦੀ ਸਰਕਾਰੀ ਡਿਸਪੈਂਸਰੀ ਤੋਂ ਸੂਬਾ ਪੱਧਰੀ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਇਹ ਜਾਗਰੂਕਤਾ ਮੁਹਿੰਮ 8 ਤੋਂ 23 ਜੁਲਾਈ ਤੱਕ ਚੱਲੇਗੀ।ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦਸਤ ਦੀ ਬਿਮਾਰੀ ਓਹਨਾ ਦੀ ਮੌਤ ਦਾ ਵੱਡਾ ਕਾਰਨ ਹੈ। ਸਿਹਤ ਵਿਭਾਗ ਦਾ ਟੀਚਾ ਹੈ ਕਿ ਪੰਜਾਬ ਵਿੱਚ ਦਸਤ ਕਾਰਨ ਇਕ ਵੀ ਬੱਚੇ ਦੀ ਮੌਤ ਨਾ ਹੋਵੇ। ਓਹਨਾ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਓਹਨਾ ਪੰਜਾਬ ਵਿੱਚ ਦਸਤ ਕਾਰਨ ਜ਼ੀਰੋ ਮੌਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਓਹਨਾ ਕਿਹਾ ਕਿ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ। ਇਸੇ ਲਈ ਇਸ ਮੁਹਿੰਮ ਦੌਰਾਨ ਪੂਰੇ ਪੰਜਾਬ ਵਿੱਚ ਓ.ਆਰ.ਐਸ. ਦੇ 55 ਲੱਖ ਪੈਕੇਟ ਅਤੇ ਜ਼ਿੰਕ ਦੀਆਂ 125 ਲੱਖ ਗੋਲੀਆਂ ਦਿੱਤੀਆਂ ਜਾਣਗੀਆਂ। ਇਸ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ ਹਰ ਉਸ ਘਰ ਜਿਸ ਵਿੱਚ ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਹੈ, ਵਿੱਚ ਜਾ ਕੇ ਓ.ਆਰ.ਐਸ. ਦਾ ਪੈਕਟ ਮੁਹੱਈਆ ਕਰਵਾਉਣਗੀਆਂ ਅਤੇ ਓ.ਆਰ.ਐਸ ਦਾ ਘੋਲ ਬਣਾਉਣ ਦੀ ਤਰਕੀਬ ਦੱਸਣਗੀਆਂ। ਇਸ ਤੋਂ ਇਲਾਵਾ ਦਸਤ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਣੂੰ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰ ਹਰ ਘਰ ਦੇ ਬਾਹਰ ਨਿਸ਼ਾਨੀ ਲਾਏਗੀ। ਸਿਹਤ ਮੰਤਰੀ ਨੇ ਦੱਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੱਟੀਆਂ-ਉਲਟੀਆਂ ਦੇ ਰੋਗ ਦੀ ਰੋਕਥਾਮ ਲਈ ਯੋਗ ਪ੍ਬੰਧ ਕੀਤੇ ਗਏ ਹਨ ਅਤੇ ਓ.ਆਰ.ਐਸ ਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਸ. ਸਿੱਧੂ ਨੇ ਹੋਰ ਵਿਭਾਗਾਂ ਜਿਵੇਂ ਪੰਚਾਇਤੀ ਰਾਜ, ਸਕੂਲ ਸਿੱਖਿਆ ਆਦਿ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਵੱਧ-ਚੜ• ਕੇ ਹਿੱਸਾ ਲੈਣ ਤਾਂ ਕਿ ਪੰਜਾਬ ਵਿੱਚ ਟੱਟੀਆਂ ਤੇ ਉਲਟੀਆਂ ਨਾਲ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਸ. ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਹਰ ਉਮਰ ਵਰਗ ਦੇ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਵੀ ਮੁਹਿੰਮ ਲੋਕਾਂ ਦੇ ਸਾਥ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੀ। ਇਸ ਲਈ ਲੋਕਾਂ ਨੂੰ ਖ਼ੁਦ ਵੀ ਦਸਤ ਰੋਕਣ ਦੇ ਤਰੀਕਿਆਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਉਨ• ਕਿਹਾ ਕਿ ਦਸਤ ਦਾ ਸ਼ਿਕਾਰ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਨਾਲ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ।ਸਿਹਤ ਮੰਤਰੀ ਨੇ ਪੰਦਰਵਾੜੇ ਸਬੰਧੀ ਆਸ਼ਾ ਵਰਕਰਾਂ ਦੀ ਵਰਤੋਂ ਲਈ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਕਿਤਾਬਚੇ ਨੂੰ ਵੀ ਰਿਲੀਜ਼ ਕੀਤਾ। ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਹੋਏ ਲੋਕਾਂ ਨੂੰ ਓ.ਆਰ.ਐਸ. ਦਾ ਘੋਲ ਬਣਾਉਣ ਅਤੇ ਹੱਥਾਂ ਨੂੰ ਚੰਗੀ ਤਰ ਧੋਣ ਦੇ ਤਰੀਕੇ ਦੱਸੇ। ਟੀਮ ਨੇ ਦੱਸਿਆ ਕਿ ਹੱਥਾਂ ਦੀ ਚੰਗੀ ਤਰ• ਸਫ਼ਾਈ ਵੀ ਦਸਤ ਰੋਗ ਤੋਂ ਬਚਾਅ ਕਰਦੀ ਹੈ। ਪਹਿਲੇ ਛੇ ਮਹੀਨੇ ਬੱਚੇ ਨੂੰ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ। ਦਸਤ ਦੌਰਾਨ ਜਾਂ ਬਾਅਦ ਵਿੱਚ ਬੱਚੇ ਨੂੰ ਮਾਂ ਦੇ ਦੁੱਧ ਨਾਲ ਹੋਰ ਤਰਲ ਪਦਾਰਥ ਵੀ ਪਿਲਾਉਂਦੇ ਰਹਿਣਾ ਚਾਹੀਦਾ ਹੈ। ਸਮਾਗਮ ਵਿੱਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਅਵਨੀਤ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਆਈ.ਜੇ.ਐਸ. ਭਾਟੀਆ, ਸਟੇਟ ਟੀਕਾਕਰਨ ਅਧਿਕਾਰੀ ਡਾ. ਜੀ.ਬੀ. ਸਿੰਘ, ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ, ਜ਼ਿਲ•ਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਐਸ.ਐਮ.ਓ. ਘੜੂੰਆਂ ਡਾ. ਕੁਲਜੀਤ ਕੌਰ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਰਿਸ਼ੀਪਾਲ ਸਾਬਕਾ ਸਰਪੰਚ, ਹਰਿੰਦਰ ਸਿੰਘ ਸਰਪੰਚ ਗਡਾਣਾ, ਗੁਰਮੇਲ ਸਿੰਘ ਮਨੌਲੀ, ਸਰਪੰਚ ਸੁਦੇਸ਼ ਕੁਮਾਰ ਗੋਗਾ, ਕਰਮਜੀਤ ਸਿੰਘ ਸਰਪੰਚ ਬਠਲਾਣਾ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਚੌਧਰੀ ਰਾਮੇਸ਼ਵਰ ਸਰਪੰਚ ਗੋਬਿੰਦਗੜ•, ਚੌਧਰੀ ਹਰਨੇਕ ਸਿੰਘ ਨੇਕੀ ਸਨੇਟਾ, ਰਣਧੀਰ ਸਿੰਘ ਚਾਓ ਮਾਜਰਾ ਅਤੇ ਦਵਿੰਦਰ ਸਿੰਘ ਸਰਪੰਚ ਕੁਰੜਾ ਵੀ ਮੌਜੂਦ ਸਨ।
ਪੰਦਰਵਾੜੇ ਦੀ ਸ਼ੁਰੂਆਤ ਸਮੇਂ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਸਿਹਤ ਅਧਿਕਾਰੀ।