ਏ.ਟੀ.ਐਮ ਕਾਰਡ ਚੋ ਲੱਖਾਂ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 03 ਦੋਸ਼ੀ ਕਾਬੂ
ਮਸ਼ੀਨ ਰਾਹੀਂ ਕਾਰਡ ਦਾ ਡਾਟਾ ਰੀਡ ਅਤੇ ਸਟੋਰ ਕਰਕੇ ਮਾਰਦੇ ਸੀ ਠੱਗੀ :-ਹਰਚਰਨ ਸਿੰਘ ਭੁੱਲਰ
ਐਸ.ਏ.ਐਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ ਨਗਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਵੇਲੇ ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਕਾਰਡ ਕਲੋਨ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕਾਰਡ ਕਲੋਨ ਅਤੇ ਕਾਰਡ ਤਿਆਰ ਕਰਨ ਵਾਲੀ 02 ਮਸ਼ੀਨਾਂ ਅਤੇ ਤਿਆਰ ਕੀਤੇ ਗਏ 18 ਜਾਅਲੀ ਏ.ਟੀ.ਐਮ. ਕਾਰਡ, 01 ਆਈਪੈਡ ਅਤੇ 01 ਸਵਿੱਫਟ ਕਾਰ ਨੰਬਰ ਐਚ.ਆਰ. 26-ਸੀ.ਐਫ-3828 ਬ੍ਰਾਮਦ ਕਰਨ ਵਿੱਚ ਮੋਹਾਲੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ| ਭੁੱਲਰ ਨੇ ਇਸ ਸਬੰਧੀ ਡਿਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਵੇਲੇ ਏ.ਟੀ.ਐਮ ਕਾਰਡ ਕਲੋਨ ਕਰਕੇ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਕਾਫੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ| ਅਜਿਹੀ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਵੱਲੋਂ ਦਿੱਤੀਆਂ ਗਈਆਂ ਦਰਖਾਸਤਾਂ ਕਾਨੂੰਨੀ ਕਾਰਵਾਈ ਲਈ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ, ਡੀ.ਐਸ.ਪੀ ਸਾਈਬਰ ਕਰਾਇਮ ਮੋਹਾਲੀ ਨੂੰ ਸੌਪੀਆਂ ਗਈਆਂ ਸਨ| ਇਹ ਗਿਰੋਹ ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਦੇ ਬਹਾਨੇ ਉਨ੍ਹਾਂ ਦੇ ਕਾਰਡ ਕਲੋਨ ( ਮਸ਼ੀਨ ਰਾਹੀਂ ਕਾਰਡ ਦਾ ਡਾਟਾ ਰੀਡ ਅਤੇ ਸਟੋਰ) ਕਰ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤੇ ਵਿਚੋਂ ਪੈਸੇ ਕਢਵਾ ਲੈਂਦੇ ਸਨ| ਸ਼ਿਕਾਇਤਾਂ ਦੇ ਆਧਾਰ ਪਰ ਕਾਰਵਾਈ ਕਰਦਿਆਂ ਨਾਮਾਲੂਮ ਦੋਸ਼ੀਆਂ ਵਿਰੁੱਧ ਮੁੱਕਦਮਾ ਨੰਬਰ 68 ਮਿਤੀ 05.07.19 ਅ/ਧ 420,465,467,468, 471,474,120ਬੀ ਹਿੰ:ਦੰ:, 66,66 ਡੀ ਆਈ.ਟੀ.ਐਕਟ ਥਾਣਾ ਫੇਸ-8 ਮੋਹਾਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ| ਇਸ ਮੁਕੱਦਮਾ ਦੀ ਤਫਤੀਸ ਦੌਰਾਨ ਵਾਰਦਾਤਾਂ ਵਾਲੇ ਏ.ਟੀ.ਐਮ ਦੀ ਸੀ.ਸੀ.ਟੀ.ਵੀ ਫੂਟੇਜ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਹਰ ਵਾਰਦਾਤ ਵਿੱਚ ਇਹੀ ਤਿਨੋਂ ਵਿਅਕਤੀ ਏ.ਟੀ.ਐਮ ਕਲੋਨ ਕਰਕੇ ਪੈਸੇ ਕਢਵਾਦੇ ਪਾਏ ਗਏ ਸਨ| ਦੋਸ਼ੀਆਂ ਦੀ ਭਾਲ ਲਈ ਰੁਪਿੰਦਰਦੀਪ ਕੌਰ ਸੋਹੀ, ਡੀ.ਐਸ.ਪੀ ਸਾਈਬਰ ਕਰਾਇਮ ਮੋਹਾਲੀ ਨੇ ਸਮੇਤ ਆਪਣੀ ਟੀਮ ਦੇ ਗੁਪਤ ਇਤਲਾਹ ਦੇ ਆਧਾਰ ਪਰ ਕਾਰਵਾਈ ਕਰਦਿਆਂ ਸਾਹਿਲ , ਜਤਿੰਦਰ ਅਤੇ ਉਪਿੰਦਰ ਨਾਮ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|ਉਕੱਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀ (1) ਸਾਹਿਲ ਪੁੱਤਰ ਗੁਲਜਾਰੀ ਵਾਸੀ ਦਮਤਾਨ ਸਾਹਿਬ, ਜਿਲਾ ਜੀਂਦ (ਹਰਿਆਣਾ),(2) ਜਤਿੰਦਰ ਪੁੱਤਰ ਹਰੀਕ੍ਰਿਸ਼ਨ ਵਾਸੀ ਦਮਤਾਨ ਸਾਹਿਬ, ਜਿਲਾ ਜੀਂਦ (ਹਰਿਆਣਾ) ਅਤੇ (3) ਉਪਿੰਦਰ ਪੁੱਤਰ ਹਰੀਕ੍ਰਿਸ਼ਨ ਵਾਸੀ ਦਮਤਾਨ ਸਾਹਿਬ ਜਿਲਾ ਜੀਂਦ (ਹਰਿਆਣਾ) ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਵੱਲੋਂ ਮੋਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਆਦਿ ਵਿਖੇ ਵੱਖ-ਵੱਖ ਸ਼ਹਿਰਾਂ ਵਿੱਚ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ| ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਏ.ਟੀ.ਐਮ. ਮਸ਼ੀਨ ਪਰ ਜਦੋਂ ਕੋਈ ਬਜੁਰਗ ਵਿਅਕਤੀ, ਕੋਈ ਔਰਤ ਜਾਂ ਕੋਈ ਘੱਟ ਪੜ੍ਹਿਆ ਲਿਖਿਆ ਜਾਪਦਾ ਵਿਅਕਤੀ ਪੈਸੇ ਕੱਢਵਾਉਣ ਆਉਂਦੇ ਸੀ ਤਾਂ ਇਹ ਉਨ੍ਹਾਂ ਦੀ ਮੱਦਦ ਕਰਨ ਦੇ ਬਹਾਨੇ ਧੋਖੇ ਨਾਲ ਉਹਨਾਂ ਦਾ ਏ.ਟੀ.ਐਮ ਉਹਨਾਂ ਤੋਂ ਲੈ ਕੇ ਕਲੋਨ ਕਰਨ ਵਾਲੀ ਮਸ਼ੀਨ ਵਿੱਚ ਸਵਾਈਪ ਕਰ ਲੈਂਦੇ ਸਨ ਅਤੇ ਉਹਨਾਂ ਦੇ ਏ.ਟੀ.ਐਮ ਦਾ ਪਾਸਵਰਡ ਦੇਖ ਕੇ ਲਿਖ ਲੈਂਦੇ ਸਨ ਅਤੇ ਬਾਅਦ ਵਿੱਚ ਉਹਨਾਂ ਦਾ ਜਾਅਲੀ ਏ.ਟੀ.ਐਮ ਤਿਆਰ ਕਰਕੇ ਪੈਸੇ ਕਢਵਾ ਲੈਂਦੇ ਸਨ| ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ 60 ਤੋਂ ਵਧ ਸ਼ਿਕਾਇਤਾਂ ਦਾ ਹੱਲ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ| ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਅਜਿਹਾ ਏ.ਟੀ.ਐਮ ਕਾਰਡ ਮਿਲੀਆ ਹੈ ਜੋ ਇਹਨਾਂ ਨੇ ਕਰੀਬ ਇੱਕ ਸਾਲ ਪਹਿਲਾਂ ਕਲੋਨ ਕੀਤਾ ਸੀ ਅਤੇ ਇਸ ਏ.ਟੀ.ਐਮ ਕਾਰਡ ਦੀ ਵਰਤੋਂ ਉਹ ਹੁਣ ਤੱਕ ਵੀ ਕਰਦੇ ਆ ਰਹੇ ਸਨ|ਗ੍ਰਿਫਤਾਰ ਕੀਤੇ ਗਏ ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ| ਮੁਕੱਦਮਾ ਦੀ ਤਫਤੀਸ਼ ਜਾਰੀ ਹੈ|