" ਲਿਖੇ ਮੂਸਾ ਪੜ੍ਹੇ ਖੁਦਾ "
ਬਲਵੰਤ ਗਾਰਗੀ ਦੀ ਕਿਤਾਬ ਪੜਦਿਆਂ ਪਤਾ ਲੱਗਾ ਕਿ ਜਿਨ੍ਹਾਂ ਦਿਨਾਂ 'ਚ ਜਹਾਜ਼ ਦਾ ਨਾਮਕਰਨ ਕਰਨਾ ਸੀ, ਉਨ੍ਹੀਂ ਦਿਨੀਂ ਕਾਮਰੇਡਾਂ ਦੀ ਲਹਿਰ ਬਹੁਤ...
ਸਾਡੇ ਮਨਾਂ ਵਿਚ ਇਸ ਬਾਰੇ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ ਕਿ ਨਵੀਂ ਪੀੜ੍ਹੀ ਸਾਹਿਤ ਕੋਲੋਂ ਹੀ ਨਹੀਂ ਸਗੋਂ ਆਪਣੀ ਮਾਤ ਭਾਸ਼ਾ ਪੰਜਾਬੀ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ। ਦੂਰ ਕਿਉਂ ਜਾਣਾ ਹੈ, ਸਾਡੇ ਆਪਣੇ ਘਰ ਦੀ ਹੀ ਜਾਣ ਲਵੋ। ਰੋਜ਼ਾਨਾ ਤਿੰਨ ਪੰਜਾਬੀ ਦੀਆਂ, ਇਕ ਹਿੰਦੀ ਤੇ ਦੋ ਅੰਗਰੇਜ਼ੀ ਦੀਆਂ ਅਖ਼ਬਾਰਾਂ ਆਉਂਦੀਆਂ ਹਨ। ਮੇਰੇ ਤੋਂ ਇਲਾਵਾ ਘਰ ਦਾ ਵਿਰਲਾ ਜੀਅ ਹੀ ਅਖ਼ਬਾਰਾਂ ਨੂੰ ਹੱਥ ਲਾਉਂਦਾ ਹੈ। ਹਿੰਦੀ ਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਨੂੰ ਤਾਂ ਫਿਰ ਵੀ ਛੂਹ ਲੈਂਦੇ ਹਨ ਪਰ ਪੰਜਾਬੀ ਵੱਲ ਝਾਕਦੇ ਤਕ ਨਹੀਂ। ਨਵੀਂ ਪੀੜ੍ਹੀ ਵਿਚ ਇਕ ਧਿਰ ਉਹ ਵੀ ਹੈ ਜੋ ਪੰਜਾਬੀ ਬੋਲਦੀ ਹੈ, ਸੁਣਦੀ ਹੈ ਪਰ ਲਿਖ ਅਤੇ ਪੜ੍ਹ ਨਹੀਂ ਸਕਦੀ। ਸਾਡੇ ਘਰੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਸਾਹਿਤ ਨਾਲ ਸਬੰਧਤ ਸੈਂਕੜੇ ਕਿਤਾਬਾਂ ਮੇਰੀ ਨਿੱਜੀ ਲਾਇਬ੍ਰੇਰੀ ਵਿਚ ਮੌਜੂਦ ਹਨ ਪਰ ਸ਼ਾਇਦ ਹੀ ਕੋਈ ਇਸ ਵੱਲ ਜਾਂਦਾ ਹੋਵੇ। ਅੱਜਕੱਲ੍ਹ ਦੀ ਪੀੜ੍ਹੀ ਇੰਟਰਨੈੱਟ ਤੇ ਸਮਾਰਟਫੋਨਾਂ ਰਾਹੀਂ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਤਾਂ ਕਰ ਲੈਂਦੀ ਹੈ ਪਰ ਇਸ ਨਾਲ ਉਸ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕੁੱਲ ਮਿਲਾ ਕੇ ਮੌਜੂਦਾ ਇਨਫਰਮੇਸ਼ਨ ਟੈਕਨਾਲੋਜੀ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੀ ਹੈ। ਜੇ ਇਹੋ ਰੁਝਾਨ ਬਾਦਸਤੂਰ ਚਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਿਮਾਗ ਤੇ ਗਿਆਨ ਵਿਹੀਣ ਹੋਣ ਦੇ ਮੌਕੇ ਵੱਧ ਜਾਣਗੇ। ਇਸ ਲਈ ਆਧੁਨਿਕ ਪੀੜ੍ਹੀ ਨੂੰ ਗਿਆਨਵਾਨ ਹੋਣ ਵਾਸਤੇ ਸਾਹਿਤ ਅਤੇ ਮਾਤ ਭਾਸ਼ਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਾਹਿਤ ਸਾਡੇ ਜ਼ਿਹਨ ਦੇ ਕਈ ਸਾਰੇ ਬੰਦ ਦਰਵਾਜ਼ਿਆਂ ਨੂੰ ਖੋਲ੍ਹਣ 'ਚ ਸਹਾਇਕ ਸਿੱਧ ਹੁੰਦਾ ਹੈ। ਬਾਕੀਆਂ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੇਰੇ ਵਾਸਤੇ ਸਾਹਿਤ ਜੀਵਨ ਦਾ ਰਾਹ ਦਸੇਰਾ ਹੋ ਨਿੱਬੜਿਆ ਹੈ। ਮੈਂ ਅੱਜ ਨਵੀਂ ਪੀੜ੍ਹੀ ਨਾਲ ਕੁਝ ਉਦਾਹਰਨਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਸਾਹਿਤ ਪੜ੍ਹਨ ਨਾਲ ਕਿੰਜ ਮੇਰੇ ਕਈ ਸਾਰੇ ਅਹਿਮ ਸਵਾਲਾਂ ਦੇ ਜਵਾਬ ਮਿਲੇ ਅਤੇ ਕਿਸ ਤਰ੍ਹਾਂ ਮੇਰੇ ਕਈ ਸ਼ੱਕ ਤੇ ਸ਼ੰਕੇ ਦੂਰ ਹੋਏ। ਆਪਣੀ ਗੱਲ ਇਕ ਹਿੰਦੀ ਫਿਲਮੀ ਗੀਤ ਦੇ ਸ਼ਬਦਾਂ ਤੋਂ ਸ਼ੁਰੂ ਕਰਦਾ ਹਾਂ ਜੋ ਤੁਸੀਂ ਵੀ ਸ਼ਾਦਿਦ ਸੁਣਿਆ ਹੋਵੇਗਾ ਕਿ 'ਅਪਨੇ ਹੀ ਗਿਰਾਤੇ ਹੈਂ ਨਸ਼ੇਮਨ ਪੇ ਬਿਜਲੀਆਂ, ਗ਼ੈਰੋਂ ਨੇ...।' ਬਾਕੀ ਸ਼ਬਦਾਂ ਦੇ ਅਰਥ ਸਮਝਣੇ ਤਾਂ ਆਸਾਨ ਸਨ ਪਰ ਨਸ਼ੇਮਨ ਸ਼ਬਦ ਕੁਝ ਅਟਪਟਾ ਲੱਗਦਾ ਸੀ। ਮੈਂ ਪਹਿਲਾਂ ਨਸ਼ੇਮਨ ਸ਼ਬਦ ਦਾ ਮਤਲਬ ਕੁਝ ਹੋਰ ਹੀ ਸਮਝ ਕੇ ਗੀਤ ਦਾ ਆਨੰਦ ਲੈਂਦਾ ਰਿਹਾ ਪਰ ਸਾਹਿਤ ਪੜ੍ਹਨ ਦੇ ਸ਼ੌਕ ਕਾਰਨ ਜਦੋਂ ਪਤਾ ਲੱਗਾ ਕਿ ਨਸ਼ੇਮਨ ਦਾ ਮਤਲਬ ਨਸ਼ੇ ਵਿਚ ਡੁੱਬਿਆ ਮਨ ਨਹੀਂ ਸਗੋਂ ਆਲ੍ਹਣਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਗਾਣਾ ਸੁਣਨ ਦਾ ਆਨੰਦ ਹੋਰ ਜ਼ਿਆਦਾ ਆਉਣ ਲੱਗਾ। ਦੂਸਰੀ ਗੱਲ ਕਰਦੇ ਹਾਂ ਇਸ ਅਖਾਣ ਦੀ ਕਿ 'ਇਕ ਕਰੇਲਾ ਤੇ ਦੂਜਾ ਨੀਮ ਚੜ੍ਹਿਆ।' ਮੇਰੇ ਸਮੇਤ ਬਹੁਤ ਸਾਰੇ ਮਿੱਤਰ ਇਸ ਦਾ ਮਤਲਬ ਇਹੋ ਸਮਝਦੇ ਹਨ ਕਿ ਜੇ ਨਿੰਮ ਦੇ ਰੁੱਖ 'ਤੇ ਚੜੀ ਵੇਲ ਨੂੰ ਕਰੇਲਾ ਪਿਆ ਹੋਵੇਗਾ ਤਾਂ ਉਹ ਜ਼ਿਆਦਾ ਕੌੜਾ ਹੋ ਜਾਵੇਗਾ ਕਿਉਂਕਿ ਨਿੰਮ ਆਪ ਵੀ ਕੌੜੀ ਹੁੰਦਾ ਹੈ ਪਰ ਸਾਹਿਤ ਨੇ ਚਾਨਣਾ ਪਾਇਆ ਕਿ ਇਸ ਦਾ ਮਤਲਬ ਹੁੰਦਾ ਹੈ ਕਿ ਅੱਧ ਪੱਕਿਆ ਕਰੇਲਾ ਜ਼ਿਆਦਾ ਕੌੜਾ ਹੁੰਦਾ ਹੈ। ਜਦੋਂ ਤਕ ਕਰੇਲੇ ਨੂੰ ਪੂਰੀ ਤਰ੍ਹਾਂ ਪਕਾਇਆ ਨਹੀਂ ਜਾਂਦਾ ਤਦ ਤਕ ਉਸ ਦੀ ਕੁੜੱਤਣ ਨਹੀਂ ਜਾਂਦੀ।ਇਸ ਲਈ, ਇੱਥੇ ਨੀਮ ਸ਼ਬਦ ਦਾ ਮਤਲਬ ਅੱਧਾ-ਪਚੱਧਾ ਹੁੰਦਾ ਹੈ ਨਾ ਕਿ ਨਿੰਮ ਦਾ ਰੁੱਖ। ਕੁਝ ਇਸੇ ਤਰ੍ਹਾਂ ਦਾ ਭੁਲੇਖਾ ਦੂਰ ਹੋਇਆ ਅਖਾਣ 'ਨੀਮ ਹਕੀਮ ਖ਼ਤਰਾ ਏ ਜਾਨ' ਬਾਰੇ। ਇਕ ਹੋਰ ਅਖਾਣ ਹੈ ਕਿ 'ਲਿਖੇ ਮੂਸਾ ਪੜ੍ਹੇ ਖ਼ੁਦਾ।' ਅਕਸਰ ਇਸ ਦਾ ਮਤਲਬ ਇਹ ਕੱਢਿਆ ਜਾਂਦਾ ਹੈ ਕਿ ਖ਼ੁਦਾ ਬਾਰੇ ਬਹੁਤ ਗਿਆਨ ਰੱਖਣ ਤੇ ਉਸ ਦਾ ਸੁਨੇਹਾਵਾਦਕ ਪੈਗੰਬਰ ਮੂਸਾ ਇਸ ਤਰ੍ਹਾਂ ਦੀ ਲਿਖਾਈ ਲਿਖਦਾ ਹੈ ਕਿ ਉਸ ਨੂੰ ਕੇਵਲ ਖ਼ੁਦਾ ਹੀ ਆ ਕੇ ਪੜ੍ਹ ਸਕਦਾ ਹੈ ਪਰ ਅਸਲ ਵਿਚ ਇਸ ਦੇ ਸਹੀ ਅਰਥ ਕੁਝ ਹੋਰ ਹੀ ਹਨ ਜੋ ਮੈਨੂੰ ਮਰਹੂਮ ਭੂਸ਼ਨ ਧਿਆਨਪੁਰੀ ਨੇ ਦੱਸੇ ਸਨ। ਅਸਲ ਕਹਾਵਤ ਹੈ 'ਲਿਖੇ ਮੂਸਾ ਪੜ੍ਹੇ ਖ਼ੁਦ ਆ' ਜਿਸ ਵਿਚ 'ਮੂ' ਦਾ ਅਰਥ ਹੈ 'ਵਾਲ' ਅਤੇ 'ਸਾ' ਦਾ 'ਵਰਗਾ'। ਮਤਲਬ ਇਹ ਕਿ ਉਸ ਦੀ ਲਿਖਾਈ ਇੰਨੀ ਬਰੀਕ ਹੈ ਜਿਵੇਂ ਕੋਈ ਵਾਲ ਅਤੇ ਉਸ ਨੂੰ ਕੇਵਲ ਉਹ ਖ਼ੁਦ ਹੀ ਪੜ੍ਹ ਸਕਦਾ ਹੈ। ਇਕ ਹੋਰ ਅਖਾਣ ਹੈ ਕਿ 'ਇਹ ਮੂੰਹ ਤੇ ਮਨਸੂਰ ਦੀ ਦਾਲ'। ਪਰ ਇਸ ਨੂੰ ਅਸੀਂ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਮਿੱਥ ਲਿਆ ਹੈ ਕਿ 'ਇਹ ਮੂੰਹ ਤੇ ਮਸਰਾਂ ਦੀ ਦਾਲ'। ਮਤਲਬ ਇਹ ਕੱਢਦੇ ਹਾਂ ਕਿ ਮਸਰਾਂ ਦੀ ਦਾਲ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਪਰ ਅਸਲੀ ਅਖਾਣ ਦੇ ਮਾਅਨੇ ਦੇਖੋ। ਕਿਸੇ ਜ਼ਮਾਨੇ ਵਿਚ ਮਨਸੂਰ ਨਾਮਕ ਉਹ ਸ਼ਖ਼ਸੀਅਤ ਸੀ ਜਿਸ ਨੂੰ ਅਨਲਹੱਕ (ਮੈਂ ਖ਼ੁਦਾ ਹਾਂ) ਦਾ ਨਾਅਰਾ ਮਾਰਨ ਵਾਸਤੇ ਦਾਰ ਮਤਲਬ ਸੂਲੀ 'ਤੇ ਟੰਗ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਕੋਈ ਨਾਕਾਬਲ ਬੰਦਾ ਮਨਸੂਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਬਾਰੇ ਇਹ ਅਖਾਣ ਵਰਤਿਆ ਜਾਂਦਾ ਸੀ। ਮੇਰੀਆਂ ਕੁਝ ਹੋਰ ਘੁੰਡੀਆਂ ਵੀ ਸਾਹਿਤ ਨੇ ਹੀ ਖੋਲ੍ਹੀਆਂ। ਆਜ਼ਾਦੀ ਦੇ ਸੰਘਰਸ਼ਮਈ ਇਤਿਹਾਸ ਵਿਚ 'ਕਾਮਾਗਾਟਾ ਮਾਰੂ' ਨਾਮਕ ਸਮੁੰਦਰੀ ਜਹਾਜ਼ ਦਾ ਜ਼ਿਕਰ ਅਕਸਰ ਹੁੰਦਾ ਹੈ। ਮੈਨੂੰ ਜਹਾਜ਼ ਦੇ ਇਸ ਨਾਮ ਦਾ ਮਤਲਬ ਪਤਾ ਨਹੀਂ ਲੱਗਦਾ ਸੀ। ਫਿਰ ਇਕ ਦਿਨ ਬਲਵੰਤ ਗਾਰਗੀ ਦੀ ਇਕ ਕਿਤਾਬ ਪੜ੍ਹਦਿਆਂ ਪਤਾ ਲੱਗਾ ਕਿ ਜਿਨ੍ਹਾਂ ਦਿਨਾਂ 'ਚ ਜਹਾਜ਼ ਦਾ ਨਾਮਕਰਨ ਕਰਨਾ ਸੀ, ਉਨ੍ਹੀਂ ਦਿਨੀਂ ਕਾਮਰੇਡਾਂ ਦੀ ਲਹਿਰ ਬਹੁਤ ਜ਼ੋਰਾਂ 'ਤੇ ਸੀ ਅਤੇ ਬਹੁਤਿਆਂ ਦਾ ਇਹ ਤਕੀਆ ਕਲਾਮ ਹੁੰਦਾ ਸੀ ਕਿ ਜੇਕਰ ਹੱਕ ਨਾ ਮਿਲਿਆ ਤਾਂ ਕਾਮਾ ਗਾਟਾ ਲਾਹ ਮਾਰੂਗਾ। ਬਸ ਉਸ ਵੇਲੇ ਕਿਸੇ ਕਾਮਰੇਡ ਦੇ ਮੂੰਹ ਤੋਂ ਇਹ ਬੋਲ ਨਿਕਲ ਗਏ ਅਤੇ ਜਹਾਜ਼ ਦਾ ਨਾਮ 'ਕਾਮਾ ਗਾਟਾ ਮਾਰੂ' ਪੈ ਗਿਆ।ਇਸੇ ਤਰ੍ਹਾਂ ਸਾਹਿਤ ਦੀ ਬਦੌਲਤ ਹੀ ਫਿਲਮਾਂ ਨਾਲ ਸਬੰਧਤ ਸਭ ਤੋਂ ਵੱਡੇ 'ਆਸਕਰ' ਇਨਾਮ ਬਾਰੇ ਇਕ ਹੋਰ ਨਵੀਂ ਗੱਲ ਪਤਾ ਲੱਗੀ ਕਿ ਅਮਰੀਕਾ ਦੀ ਅਕੈਡਮੀ ਆਫ ਮੋਸ਼ਨ ਪਿਕਚਰ, ਆਰਟਸ ਤੇ ਸਾਇੰਸਿਜ਼ ਨੇ ਸੰਨ 1927 ਵਿਚ ਜਦੋਂ ਸਰਵੋਤਮ ਫਿਲਮ ਨੂੰ ਇਨਾਮ ਦੇਣ ਵਾਸਤੇ ਜੋ ਟਰਾਫੀ ਬਣਾਈ ਉਸ ਨੂੰ ਦੇਖ ਕੇ ਉਸ ਵੇਲੇ, ਅਕਾਦਮੀ ਦੇ ਸਕੱਤਰ 'ਮਾਗਰੇਟ ਹੈਰਿਕ' ਨੇ ਕਿਹਾ ਕਿ ਇਸ ਟਰਾਫੀ ਦੀ ਸ਼ਕਲ ਤਾਂ ਉਸ ਦੇ ਚਾਚਾ 'ਆਸਕਰ' ਨਾਲ ਹੂਬਹੂ ਮਿਲਦੀ ਹੈ ਤਾਂ ਅਕਾਦਮੀ ਨੇ ਇਹ ਫ਼ੈਸਲਾ ਕੀਤਾ ਕਿ ਕਿਉਂ ਨਾ ਇਸ ਇਨਾਮ ਦਾ ਨਾਮ 'ਆਸਕਰ' ਹੀ ਰੱਖਿਆ ਜਾਵੇ?ਇਸ ਲਈ ਮੇਰੇ ਨਵੀਂ ਪੀੜ੍ਹੀ ਦੇ ਮਿੱਤਰੋ! ਸਾਹਿਤ ਨਾਲ ਜੁੜੋ। ਮਾਤ ਭਾਸ਼ਾ ਦਾ ਸਤਿਕਾਰ ਤੇ ਪਿਆਰ ਵੀ ਕਰੋ। ਸਾਹਿਤ ਦੀਆਂ ਕਿਤਾਬਾਂ ਪੜ੍ਹੋ ਕਿਉਂਕਿ ਕਿਤਾਬਾਂ ਆਪ ਕੁਝ ਨਹੀਂ ਬੋਲਦੀਆਂ ਪਰ ਪੜ੍ਹਨ ਵਾਲਿਆਂ ਨੂੰ ਬੋਲਣਯੋਗ ਬਣਾ ਦਿੰਦੀਆਂ ਹਨ ਅਤੇ ਕਿਤਾਬਾਂ ਤੁਹਾਡੀਆਂ ਸੱਚੇ ਮਿੱਤਰਾਂ ਵਰਗੀਆਂ ਵੀ ਹੁੰਦੀਆਂ ਹਨ।
ਗੁਰਵਿੰਦਰ ਸਿੰਘ ਮੋਹਾਲੀ