" ਪਾਣੀ ਪ੍ਰਬੰਧਨ 'ਚ ਬਣਾਓ ਭਵਿੱਖ "
ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ)ਪਾਣੀ ਦੀ ਬੱਚਤ/ਮੈਨੇਜਮੈਂਟ ਉਭਰਦਾ ਹੋਇਆ ਖੇਤਰ ਹੈ। ਅਜੇ ਇਸ ਖੇਤਰ 'ਚ ਓਨੇ ਫ਼ੀਸਦੀ ਸਿੱਖਿਅਤ ਲੋਕ ਨਹੀਂ ਹਨ, ਜਿੰਨੀ ਮਾਰਕੀਟ ਨੂੰ ਇਨ੍ਹਾਂ ਦੀ ਜ਼ਰੂਰਤ ਹੈ।...ਪਾਣੀ ਦੇ ਸੰਕਟ ਨਾਲ ਜੂਝ ਰਹੇ ਸਮੁੱਚੇ ਦੇਸ਼ ਵਿਚ ਮੌਨਸੂਨ ਦੀ ਅਨਿਸ਼ਚਿਤਾ, ਦੇਰੀ ਨਾਲ ਅਤੇ ਘੱਟ ਬਾਰਿਸ਼ ਹੋਣ ਕਰਕੇ ਕਈ ਸੂਬਿਆਂ 'ਚ ਸੋਕੇ ਵਰਗੇ ਹਾਲਾਤ ਹਨ। ਬੀਤੇ ਕੁਝ ਸਾਲਾਂ ਤੋਂ ਦੁਨੀਆ ਭਰ 'ਚ ਇਹ ਸਥਿਤੀ ਵੇਖੀ ਜਾ ਰਹੀ ਹੈ। ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਸੰਕਟ ਹੋਰ ਵਧ ਜਾਵੇਗਾ। ਇਸ ਸੰਕਟ ਨੂੰ ਦੇਖਦਿਆਂ ਸਰਕਾਰਾਂ ਨੇ ਰੇਨ ਵਾਟਰ ਹਾਰਵੈਸਟਿੰਗ ਤੇ ਪਾਣੀ ਬਚਾਉਣ ਉੱਪਰ ਕਾਫ਼ੀ ਜ਼ੋਰ ਦਿੱਤਾ ਹੈ। ਇਸ ਖੇਤਰ 'ਚ ਕਰੀਅਰ ਦੇ ਨਵੇਂ ਮੌਕੇ ਵੀ ਸਾਹਮਣੇ ਆ ਰਹੇ ਹਨ...ਸਮੁੱਚਾ ਵਿਸ਼ਵ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੈ ਕਿ ਅਗਲਾ ਵਿਸ਼ਵ ਯੁੱਧ ਪਾਣੀ ਲਈ ਲੜਿਆ ਜਾਵੇਗਾ। ਇਸ ਲਈ ਅੱਜ ਲੋਕਾਂ 'ਚ ਪਾਣੀ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾ ਕੇ ਪਾਣੀ ਦੀ ਅਹਿਮੀਅਤ ਬਾਰੇ ਦੱਸਣਾ ਸਮੇਂ ਦੀ ਮੁੱਖ ਮੰਗ ਹੈ। ਇਸ ਲਈ ਸਰਕਾਰਾਂ ਤੇ ਸਨਅਤੀ ਸੰਸਥਾਵਾਂ ਹੁਣ ਵਾਟਰ ਹਾਰਵੈਸਟਿੰਗ/ਕੰਜ਼ਰਵੇਸ਼ਨ ਐਂਡ ਮੈਨੇਜਮੈਂਟ 'ਤੇ ਜ਼ਿਆਦਾ ਜ਼ੋਰ ਦੇ ਰਹੀਆਂ ਹਨ, ਕਿਉਂਕਿ ਇਨ੍ਹਾਂ ਸਮੱਸਿਆਵਾਂ ਨਾਲ ਨਿਪਟਣ ਲਈ ਵਾਟਰ ਮੈਨੇਜਮੈਂਟ 'ਚ ਟਰੇਂਡ ਪ੍ਰੋਫੈਸ਼ਨਲਜ਼ ਨੂੰ ਹੀ ਮੁੱਢਲੀ ਜਾਣਕਾਰੀ ਹੁੰਦੀ ਹੈ। ਅਜਿਹੇ ਲੋਕ ਵਾਟਰ ਹਾਰਵੈਸਟਿੰਗ, ਵੇਸਟ ਵਾਟਰ ਟਰੀਟਮੈਂਟ ਅਤੇ ਵਾਟਰ ਰੀਸਾਈਕਲਿੰਗ ਬਾਰੇ ਬਿਹਤਰ ਸਮਝ ਰੱਖਦੇ ਹਨ। ਜ਼ਾਹਿਰ ਹੈ ਕਿ ਲਗਾਤਾਰ ਵਧ ਰਹੇ ਪਾਣੀ ਦੇ ਸੰਕਟ ਨੂੰ ਕਾਬੂ ਕਰਨ ਲਈ ਅਗਲੇ ਸਾਲਾਂ ਦੌਰਾਨ ਵੀ ਵਾਟਰ ਸਾਇੰਟਿਸਟ, ਵਾਤਾਵਰਨ ਇੰਜੀਨੀਅਰ, ਟਰੇਂਡ ਵਾਟਰ ਕੰਜ਼ਰਵੇਸ਼ਨਿਸਟ ਜਾਂ ਵਾਟਰ ਮੈਨੇਜਮੈਂਟ ਜਿਹੇ ਪ੍ਰੋਫੈਸ਼ਨਲਜ਼ ਦੀ ਮੰਗ ਵਧੇਗੀ।
ਕੀ ਹੈ ਵਾਟਰ ਮੈਨੇਜਮੈਂਟ?
ਬਾਰਿਸ਼ ਦੇ ਬਾਵਜੂਦ ਕਈ ਥਾਵਾਂ 'ਤੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਮੀਂਹ ਦੇ ਪਾਣੀ ਦੀ ਸਹੀ ਵਰਤੋਂ ਨਾ ਕੀਤੀ ਜਾਣੀ ਜਾਂ ਫਿਰ ਧਰਤੀ 'ਚੋਂ ਕੱਢੇ ਗਏ ਪਾਣੀ ਨੂੰ ਵਾਪਸ ਧਰਤੀ 'ਚ ਨਾ ਭੇਜਣਾ। ਵੈਸੇ ਅੱਜ-ਕੱਲ੍ਹ ਇਸ ਲਈ ਕਈ ਵਿਗਿਆਨਕ ਤਰੀਕੇ ਹਨ, ਜਿਨ੍ਹਾਂ 'ਚੋਂ ਸਭ ਤੋਂ ਕਾਰਗਰ ਤਰੀਕਾ ਹੈ ਰੇਨ ਵਾਟਰ ਹਾਰਵੈਸਟਿੰਗ। ਦੂਸਰੇ ਸ਼ਬਦਾਂ 'ਚ ਕਹੀਏ ਤਾਂ ਜੋ ਕੁਦਰਤ ਤੋਂ ਲਿਆ, ਉਹ ਕੁਦਰਤ ਨੂੰ ਵਾਪਸ ਕਰਨਾ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਕਿਸਾਨਾਂ ਦੀ ਮੌਨਸੂਨ 'ਤੇ ਨਿਰਭਰਤਾ ਘੱਟ ਜਾਵੇਗੀ ਤੇ ਪਾਣੀ ਦੀ ਕਮੀ ਨਾਲ ਖ਼ਰਾਬ ਹੋ ਰਹੀ ਲੱਖਾਂ ਹੈਕਟੇਅਰ ਜ਼ਮੀਨ 'ਤੇ ਸਿੰਚਾਈ ਹੋ ਸਕੇਗੀ। ਇਸ ਸੰਕਟ ਨੂੰ ਦੂਰ ਕਰਨ ਲਈ ਆਉਣ ਵਾਲੇ ਸਮੇਂ 'ਚ ਇਸ ਵਿਗਿਆਨਕ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਕਿ ਮੀਂਹ ਦੇ ਪਾਣੀ ਨੂੰ ਜ਼ਰੂਰਤ ਅਨੁਸਾਰ ਹੀ ਵਰਤੋਂ 'ਚ ਲਿਆਂਦਾ ਜਾ ਸਕੇ।
ਨੌਕਰੀ ਦੇ ਮੌਕੇ
ਵਪਾਰਕ ਤੇ ਘਰੇਲੂ ਇਮਾਰਤਾਂ 'ਚ ਵਾਟਰ ਹਾਰਵੈਸਟਿੰਗ ਨੂੰ ਜ਼ਰੂਰੀ ਕੀਤੇ ਜਾਣ ਨਾਲ ਵਾਟਰ ਸਾਇੰਟਿਸਟ, ਵਾਟਰ ਮੈਨੇਜਰ, ਹਾਈਡ੍ਰੋ ਜਿਓਲੋਜਿਸਟ, ਬਾਇਓਲੋਜਿਸਟ, ਕੰਸਲਟੈਂਟ, ਵਾਟਰ ਕੰਜ਼ਰਵੈਸ਼ਨਿਸਟ ਜਿਹੇ ਪ੍ਰੋਫੈਸ਼ਨਲਜ਼ ਲਈ ਮੌਕੇ ਵਧ ਰਹੇ ਹਨ। ਤੇਜ਼ੀ ਨਾਲ ਵਧ ਰਹੇ ਇਸ ਖੇਤਰ 'ਚ ਪੜ੍ਹਾਈ ਪੂਰੀ ਕਰਨ ਮਗਰੋਂ ਤੁਸੀਂ ਸਰਕਾਰੀ ਸੰਸਥਾਵਾਂ ਤੋਂ ਲੈ ਕੇ ਸਨਅਤੀ ਸੰਸਥਾਵਾਂ, ਕਾਰਪੋਰੇਟ ਕੰਪਨੀਜ਼, ਐੱਨਜੀਓਜ਼ ਤੇ ਹਾਊਸਿੰਗ ਸੁਸਾਇਟੀਜ਼ 'ਚ ਨੌਕਰੀ ਦੀ ਭਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵੇਸਟ ਵਾਟਰ ਟਰੀਟਮੈਂਟ ਨਾਲ ਸਬੰਧਤ ਪਲਾਂਟਸ 'ਚ ਵੀ ਅਜਿਹੇ ਮੁਹਾਰਤ ਪ੍ਰਾਪਤ ਲੋਕਾਂ ਦੀ ਕਾਫ਼ੀ ਮੰਗ ਦੇਖੀ ਜਾ ਰਹੀ ਹੈ। ਵੱਡੀਆਂ-ਵੱਡੀਆਂ ਸਨਅਤਾਂ 'ਚ ਵਾਟਰ ਹਾਰਵੈਸਟਿੰਗ ਡਿਜ਼ਾਈਨਿੰਗ ਤੇ ਇਸ ਦੇ ਰੱਖ-ਰਖਾਓ ਲਈ ਪੇਸ਼ੇਵਰਾਂ ਦੀ ਕਾਫ਼ੀ ਮੰਗ ਹੈ। ਰੀਅਲ ਅਸਟੇਟ ਡਿਵੈਲਪਰਜ਼ ਤੇ ਬਿਲਡਰਜ਼ ਵੀ ਅੱਜ-ਕੱਲ੍ਹ ਆਪਣੇ ਪ੍ਰਾਜੈਕਟ ਲਈ ਪਾਣੀ ਦੇ ਪ੍ਰਬੰਧਨ ਦੀ ਯੋਜਨਾ ਬਣਾਉਣ ਤੇ ਹਾਊਸਿੰਗ ਕੰਪਲੈਕਸ ਦੇ ਪਾਣੀ ਦੀ ਰੀਸਾਈਕਲਿੰਗ ਅਤੇ ਪਾਣੀ ਪ੍ਰਬੰਧਨ ਦੇ ਪ੍ਰੋਫੈਸ਼ਨਲਜ਼ ਦੀਆਂ ਸੇਵਾਵਾਂ ਲੈ ਰਹੇ ਹਨ। ਚਾਹੋ ਤਾਂ ਕਿਸੇ ਇਕ ਏਰੀਏ 'ਚ ਪਾਣੀ ਦੀ ਸਪੈਸ਼ਲਾਈਜ਼ੇਸ਼ਨ ਕਰ ਕੇ, ਕੰਸਲਟੈਂਟ ਬਣ ਸਕਦੇ ਹੋ ਜਾਂ ਕਿਸੇ ਵਾਟਰ ਟਰੀਟਮੈਂਟ ਪਲਾਂਟ ਨਾਲ ਜੁੜ ਕੇ ਵੀ ਇਸ ਖੇਤਰ 'ਚ ਵਧੀਆ ਕਰੀਅਰ ਬਣਾ ਸਕਦੇ ਹੋ।
ਸਿੱਖਿਆ ਤੇ ਯੋਗਤਾ
ਜਲ ਪ੍ਰਬੰਧਨ ਤੇ ਸੁਰੱਖਿਆ 'ਤੇ ਆਧਾਰਤ ਕਈ ਤਰ੍ਹਾਂ ਦੇ ਕੋਰਸ ਅੱਜ-ਕੱਲ੍ਹ ਦੇਸ਼ ਦੀਆਂ ਵੱਖ-ਵੱਖ ਸਰਕਾਰੀ ਤੇ ਨਿੱਜੀ ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਹਨ, ਜਿਥੋਂ ਤੁਸੀਂ ਵਾਟਰ ਸਾਇੰਸ, ਵਾਟਰ ਮੈਨੇਜਮੈਂਟ, ਵਾਟਰ ਹਾਰਵੈਸਟਿੰਗ ਤੇ ਵਾਟਰ ਟਰੀਟਮੈਂਟ ਅਤੇ ਰਿਸੋਰਸ ਮੈਨੇਜਮੈਂਟ ਦੇ ਰੂਪ 'ਚ ਇਹ ਕੋਰਸ ਕਰ ਸਕਦੇ ਹੋ। ਸਰਟੀਫਿਕੇਟ ਤੇ ਡਿਪਲੋਮਾ ਕੋਰਸ ਲਈ ਕੋਈ ਸਟ੍ਰੀਮ ਜ਼ਰੂਰੀ ਨਹੀਂ ਹੈ। ਕਿਸੇ ਵੀ ਸਟ੍ਰੀਮ ਦੇ ਵਿਦਿਆਰਥੀ ਇਹ ਕੋਰਸ ਕਰ ਸਕਦੇ ਹਨ। ਇਗਨੂੰ 'ਚ ਵੀ ਵਾਟਰ ਹਾਰਵੈਸਟਿੰਗ ਐਂਡ ਮੈਨੇਜਮੈਂਟ ਨਾਂ ਨਾਲ ਇਕ ਅਜਿਹਾ ਸਰਟੀਫਿਕੇਟ ਕੋਰਸ ਚਲਾਇਆ ਜਾ ਰਿਹਾ ਹੈ, ਜਿਸ ਨੂੰ 10ਵੀਂ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ। ਵਿਸ਼ਿਆਂ ਤਹਿਤ ਵਿਦਿਆਰਥੀਆਂ ਨੂੰ ਮੀਂਹ ਦੇ ਪਾਣੀ ਨੂੰ ਸੁਰੱਖਿਅਤ ਰੱਖਣਾ, ਪਾਣੀ ਨੂੰ ਰੀਚਾਰਜ ਕਰਨਾ, ਵਾਟਰ ਟੇਬਲ ਆਦਿ ਬੇਸਿਕ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਕੋਰਸ ਕਰਨ ਤੋਂ ਬਾਅਦ ਫੀਲਡ ਕੋਆਰਡੀਨੇਟਰ, ਵਰਕਰ ਦੇ ਤੌਰ 'ਤੇ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ। ਜੇ ਤੁਸੀਂ ਬਾਇਓਲੋਜੀ ਵਿਸ਼ੇ 'ਚ 12ਵੀਂ ਪਾਸ ਹੋ ਤਾਂ ਇਸ ਖੇਤਰ 'ਚ ਵਾਟਰ ਸਾਇੰਸ 'ਚ ਬੀਐੱਸਸੀ ਤੇ ਐੱਮਐੱਸਸੀ ਕਰ ਸਕਦੇ ਹੋ। ਜਿਓਲੋਜੀ, ਇਨਵਾਇਰਮੈਂਟਲ ਸਟੱਡੀਜ਼ ਜਾਂ ਬਾਇਓਲੋਜੀ 'ਚ ਡਿਗਰੀ ਕਰ ਕੇ ਵੀ ਇਸ ਖੇਤਰ 'ਚ ਸ਼ਾਮਲ ਹੋ ਸਕਦੇ ਹੋ। ਕੁਝ ਨਿੱਜੀ ਸੰਸਥਾਵਾਂ ਵਾਟਰ ਸੈਨੀਟੇਸ਼ਨ ਐਂਡ ਹਾਈਜੀਨ 'ਚ ਡਿਪਲੋਮਾ ਕੋਰਸ ਵੀ ਕਰਵਾ ਰਹੀਆਂ ਹਨ।ਪਾਣੀ ਦੀ ਬੱਚਤ/ਮੈਨੇਜਮੈਂਟ ਉਭਰਦਾ ਹੋਇਆ ਖੇਤਰ ਹੈ। ਅਜੇ ਇਸ ਖੇਤਰ 'ਚ ਓਨੇ ਫ਼ੀਸਦੀ ਸਿੱਖਿਅਤ ਲੋਕ ਨਹੀਂ ਹਨ, ਜਿੰਨੀ ਮਾਰਕੀਟ ਨੂੰ ਇਨ੍ਹਾਂ ਦੀ ਜ਼ਰੂਰਤ ਹੈ। ਇਹੀ ਕਾਰਨ ਹੈ ਕਿ ਅਜਿਹੇ ਪ੍ਰੋਫੈਸ਼ਨਲਜ਼ ਨੂੰ ਇਸ ਖੇਤਰ 'ਚ ਆਉਣ 'ਤੇ ਸ਼ੁਰੂਆਤ ਵਿਚ ਹੀ ਵਧੀਆ ਤਨਖ਼ਾਹ ਮਿਲ ਸਕਦੀ ਹੈ।