" ਕਲਮ ਬਨਾਮ ਤਲਵਾਰ "
ਅਖ਼ਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ। ਬਿਨਾਂ ਡਰ ਦੇ ਸੱਚ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ। ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ।...
ਕਿਹਾ ਜਾਂਦਾ ਹੈ ਕਿ ਤਲਵਾਰ ਨਾਲੋਂ ਕਲਮ ਕਿਤੇ ਜ਼ਿਆਦਾ ਤਾਕਤਵਰ ਹੁੰਦੀ ਹੈ। ਆਪਾਂ ਆਮ ਹੀ ਪੜ੍ਹਦੇ ਜਾਂ ਸੁਣਦੇ ਹਾਂ ਕਿ ਰਾਜੇ-ਮਹਾਰਾਜੇ ਜਦੋਂ ਯੁੱਧ ਕਾਰਨ ਥੱਕ-ਹਾਰ ਜਾਂਦੇ ਸਨ ਤਾਂ ਉਹ ਵਿਰੋਧੀ ਰਾਜਿਆਂ ਨੂੰ ਚਿੱਠੀ ਰਾਹੀਂ ਲਿਖਦੇ ਸਨ ਕਿ ਖ਼ੂਨ-ਖ਼ਰਾਬਾ ਬਹੁਤ ਹੋ ਚੁੱਕਾ ਹੈ। ਹੁਣ ਸਮਝੌਤਾ ਕਰ ਹੀ ਲਿਆ ਜਾਵੇ। ਇਹ ਹਕੀਕਤ ਹੈ ਕਿ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਜੰਗਾਂ ਦਾ ਅੰਤ ਟੇਬਲ 'ਤੇ ਆ ਕੇ ਸਮਝੌਤੇ ਰਾਹੀਂ ਹੀ ਹੁੰਦਾ ਹੈ। ਅੱਜ ਉਸ ਕਲਮ ਨੂੰ ਚੁੱਕਣ ਦਾ ਫਿਰ ਵੇਲਾ ਆ ਗਿਆ ਹੈ। ਅਖ਼ਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ। ਬਿਨਾਂ ਡਰ ਦੇ ਸੱਚ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ। ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ। ਮੇਰਾ ਤਾਂ ਇਹ ਮੰਨਣਾ ਹੈ ਕਿ ਜੇ ਅਸੀਂ ਕਿਸੇ ਨਸ਼ਾ ਵੇਚਣ ਵਾਲੇ ਖ਼ਿਲਾਫ਼ ਸਿੱਧੇ ਤੌਰ 'ਤੇ ਨਹੀਂ ਲੜ ਸਕਦੇ ਤਾਂ ਫਿਰ ਕਲਮ ਚੁੱਕ ਲਵੋ ਅਤੇ ਉਸ ਦੀ ਲਿਖਤੀ ਸ਼ਿਕਾਇਤ ਕਰ ਦਿਓ। ਕਦੇ ਇਹ ਨਾ ਸੋਚੋ ਕਿ ਅੱਗ ਕਿਸੇ ਦੇ ਘਰ ਨੂੰ ਲੱਗੀ ਹੈ, ਸਾਨੂੰ ਕੀ। ਇਸ ਅੱਗ ਦਾ ਸੇਕ ਤੁਹਾਡੇ ਘਰ ਤਕ ਵੀ ਪੁੱਜ ਸਕਦਾ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਛਿੜੀ ਜੰਗ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਲੋੜ ਹੈ। ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਸਵੇਰ ਦਾ ਭੁੱਲਿਆ ਹੋਇਆ ਜੇ ਸ਼ਾਮ ਨੂੰ ਵਾਪਸ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਮੰਨਿਆ ਜਾਂਦਾ। ਨੌਜਵਾਨ ਪੀੜ੍ਹੀ ਨੇ ਹੀ ਚੰਦਰਾ ਨਸ਼ਾ ਚਿੱਟਾ ਅਪਣਾਇਆ ਹੈ। ਜੇ ਉਹ ਇਸ ਨੂੰ ਅਪਣਾ ਸਕਦੀ ਹੈ ਤਾਂ ਇਸ ਨੂੰ ਹਟਾ ਵੀ ਸਕਦੀ ਹੈ। ਨਸ਼ਾ ਚਾਰ ਹਫ਼ਤੇ ਕੀ, ਚਾਰ ਦਿਨਾਂ ਵਿਚ ਰੁਕ ਸਕਦਾ ਹੈ। ਜਿਵੇਂ ਇਸ਼ਕ ਤੇ ਮੁਸ਼ਕ ਕਦੇ ਲੁਕੇ ਨਹੀਂ ਰਹਿੰਦੇ ਉਵੇਂ ਹੀ ਨਸ਼ੇੜੀ ਤੇ ਨਸ਼ੇ ਦੇ ਕਾਰੋਬਾਰੀ ਵੀ ਲੁਕੇ ਨਹੀਂ ਰਹਿ ਸਕਦੇ। ਲੋਕਾਂ ਨੂੰ ਸਭ ਪਤਾ ਹੁੰਦਾ ਹੈ ਕਿ ਕੌਣ ਕੀ ਕਰ ਰਿਹਾ ਹੈ। ਨਸ਼ਾ ਵੇਚਣ ਵਾਲੇ ਇਹ ਨਹੀਂ ਵੇਖਦੇ ਕਿ ਨਸ਼ੇੜੀ ਪੈਸੇ ਕਿਹੜੀ ਹਾਲਤ 'ਚ ਕਿੱਥੋਂ ਲਿਆਇਆ ਹੋਵੇਗਾ। ਉਨ੍ਹਾਂ ਨੂੰ ਤਾਂ ਪੈਸੇ ਨਾਲ ਮਤਲਬ ਹੁੰਦਾ ਹੈ। 'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਸੋਚ ਨੂੰ ਤਿਆਗ ਕੇ ਜਨਤਾ ਨਸ਼ੇੜੀਆਂ ਪ੍ਰਤੀ ਹਮਦਰਦੀ ਰੱਖੇ ਅਤੇ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰੇ ਜਦਕਿ ਨਸ਼ੇ ਦੇ ਕਾਰੋਬਾਰੀਆਂ ਤੋਂ ਮੂੰਹ ਫੇਰ ਲਵੇ। ਹੁਣ ਸਾਨੂੰ ਕਲਮ ਤੋਂ ਤਲਵਾਰ ਦਾ ਕੰਮ ਲੈਣ ਦੀ ਲੋੜ ਹੈ। ਅਵੇਸਲੇ ਬਿਲਕੁਲ ਨਾ ਹੋਵੋ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਬਣਦਾ ਯੋਗਦਾਨ ਪਾਓ।
ਗੁਰਵਿੰਦਰ ਸਿੰਘ ਮੋਹਾਲੀ