ਸਫਲਤਾ ਲਈ ਸਹਿਣਸ਼ੀਲਤਾ ਜ਼ਰੂਰੀ
ਸਹਿਣਸ਼ੀਲ ਵਿਅਕਤੀ ਦੇ ਬਹੁਤ ਸਾਰੇ ਸਹਾਇਕ ਹੁੰਦੇ ਹਨ। ਉਹ ਨਿੱਕੀ-ਨਿੱਕੀ ਗੱਲ 'ਤੇ ਕਿਸੇ ਦਾ ਗੁੱਸਾ ਨਹੀਂ ਕਰਦਾ ਤੇ ਹੱਸ ਕੇ ਬਹੁਤ ਕੁਝ ਸਹਿਣ ਕਰ ਲੈਂਦਾ ਹੈ।...ਸਫਲ ਹੋਣਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ। ਸਫਲ ਹੋਣ ਲਈ ਵਿਅਕਤੀ ਅੰਦਰ ਦ੍ਰਿੜ੍ਹ ਇਰਾਦਾ, ਇੱਛਾ ਸ਼ਕਤੀ, ਮਿਹਨਤ, ਇਮਾਨਦਾਰੀ ਆਦਿ ਗੁਣ ਹੋਣੇ ਜ਼ਰੂਰੀ ਹੁੰਦੇ ਹਨ ਪਰ ਇਨ੍ਹਾਂ ਗੁਣਾਂ ਦੇ ਬਾਵਜੂਦ ਕਈ ਵਿਅਕਤੀ ਅਸਫਲ ਰਹਿ ਜਾਂਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਵਿਅਕਤੀ ਅਜਿਹੇ ਹੁੰਦੇ ਹਨ, ਜਿਨ੍ਹਾਂ 'ਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ। ਸਹਿਣਸ਼ੀਲਤਾ ਅਜਿਹਾ ਗੁਣ ਹੈ, ਜਿਹੜਾ ਵਿਅਕਤੀ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ। ਸਹਿਣਸ਼ੀਲ ਵਿਅਕਤੀ ਦੇ ਬਹੁਤ ਸਾਰੇ ਸਹਾਇਕ ਹੁੰਦੇ ਹਨ। ਉਹ ਨਿੱਕੀ-ਨਿੱਕੀ ਗੱਲ 'ਤੇ ਕਿਸੇ ਦਾ ਗੁੱਸਾ ਨਹੀਂ ਕਰਦਾ ਤੇ ਹੱਸ ਕੇ ਬਹੁਤ ਕੁਝ ਸਹਿਣ ਕਰ ਲੈਂਦਾ ਹੈ। ਉਸ ਦਾ ਮਜ਼ਾਕ ਉਡਾਉਣ ਵਾਲੇ ਜਾਂ ਉਸ ਨਾਲ ਈਰਖਾ ਕਰਨ ਵਾਲੇ ਵੀ ਹੌਲੀ-ਹੌਲੀ ਉਸ ਦੇ ਇਸ ਸੁਭਾਅ ਦਾ ਲੋਹਾ ਮੰਨਣ ਲੱਗ ਪੈਂਦੇ ਹਨ ਤੇ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਅਸਹਿਣਸ਼ੀਲ ਵਿਅਕਤੀ ਛੇਤੀ ਗੁੱਸੇ 'ਚ ਆ ਜਾਂਦਾ ਹੈ ਤੇ ਹਰ ਇਕ ਨਾਲ ਸਬੰਧ ਵਿਗਾੜ ਲੈਂਦਾ ਹੈ। ਇਸ ਲਈ ਉਸ ਦੇ ਦੁਸ਼ਮਣਾਂ ਦੀ ਗਿਣਤੀ ਵਧਦੀ ਜਾਂਦੀ ਹੈ, ਜਿਹੜੇ ਉਸ ਦੀ ਸਫਲਤਾ ਦੇ ਰਸਤੇ 'ਚ ਰੁਕਾਵਟ ਬਣ ਜਾਂਦੇ ਹਨ। ਅਸਹਿਣਸ਼ੀਲ ਵਿਅਕਤੀ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਘਬਰਾ ਜਾਂਦਾ ਹੈ ਤੇ ਵਾਰ-ਵਾਰ ਆਪਣੇ ਕੰਮ ਕਰਨ ਦੇ ਤਰੀਕੇ ਬਦਲਦਾ ਰਹਿੰਦਾ ਹੈ। ਉਹ ਜਿਸ ਖੇਤਰ 'ਚ ਇਕ ਵਾਰ ਛੋਟਾ-ਮੋਟਾ ਨੁਕਸਾਨ ਕਰਵਾ ਲਵੇ, ਦੁਬਾਰਾ ਉਸ ਖੇਤਰ 'ਚ ਜਾਣ ਦੀ ਹਿੰਮਤ ਨਹੀਂ ਕਰਦਾ, ਜਦਕਿ ਸਹਿਣਸ਼ੀਲ ਵਿਅਕਤੀ ਕੁਝ ਸਮਾਂ ਕੰਮ ਕਰ ਕੇ ਨਤੀਜੇ ਦੀ ਉਡੀਕ ਕਰਦਾ ਹੈ ਤੇ ਤੁਰੰਤ ਹੀ ਤਰੀਕਾ ਨਹੀਂ ਬਦਲਦਾ। ਉਹ ਜਾਣਦਾ ਹੈ ਕਿ ਹਰ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤੇ ਹਰ ਅਸਫਲਤਾ ਸਾਨੂੰ ਕੁਝ ਸਿਖਾ ਕੇ ਜਾਂਦੀ ਹੈ। ਅਸਹਿਣਸ਼ੀਲ ਵਿਅਕਤੀ ਦੂਜਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅਤੇ ਤਾਅਨਿਆਂ-ਮਿਹਣਿਆਂ ਤੋਂ ਛੇਤੀ ਪਰੇਸ਼ਾਨ ਹੋ ਜਾਂਦਾ ਹੈ। ਕਿਸੇ ਦੀ ਕਹੀ ਹੋਈ ਛੋਟੀ ਜਿਹੀ ਗੱਲ ਉਸ ਦੇ ਮਨ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ ਤੇ ਉਹ ਬਦਲਾ ਲੈਣ ਲਈ ਉਤਾਵਲਾ ਹੋ ਜਾਂਦਾ ਹੈ। ਇਸ ਨਾਲ ਉਸ ਦੇ ਮਨ 'ਚ ਨਕਾਰਾਤਮਕ ਵਿਚਾਰ ਭਰੇ ਰਹਿੰਦੇ ਹਨ, ਜਿਹੜੇ ਉਸ ਅੰਦਰਲੀ ਸਕਾਰਾਤਮਕ ਸ਼ਕਤੀ ਨੂੰ ਖੋਰਾ ਲਾਉਂਦੇ ਹਨ। ਸਹਿਣਸ਼ੀਲ ਵਿਅਕਤੀ ਦੀ ਹਰ ਥਾਂ ਕਦਰ ਹੁੰਦੀ ਹੈ। ਗਾਹਕ ਦੀ ਹਰ ਗੱਲ ਨੂੰ ਖਿੜੇ ਮੱਥੇ ਸਵੀਕਾਰ ਕਰਨ ਤੇ ਹੱਸ ਕੇ ਜਵਾਬ ਦੇਣ ਵਾਲਾ ਸੇਲਜ਼ਮੈਨ ਹਰ ਗਾਹਕ ਦੀ ਪਹਿਲੀ ਪਸੰਦ ਬਣਦਾ ਹੈ। ਗਾਹਕਾਂ ਦੇ ਉਲਾਂਭਿਆਂ ਨੂੰ ਧਿਆਨ ਨਾਲ ਸੁਣਨ ਤੇ ਉਨ੍ਹਾਂ ਦੇ ਹੱਲ ਕੱਢਣ ਵਾਲਾ ਵਪਾਰੀ ਤਰੱਕੀ ਕਰਦਾ ਹੈ। ਇਕ ਚੰਗਾ ਅਧਿਆਪਕ, ਇੰਜੀਨੀਅਰ, ਬੁਲਾਰਾ, ਨੇਤਾ, ਅਫਸਰ, ਰਿਸੈਪਸ਼ਨਿਸਟ, ਦੁਕਾਨਦਾਰ ਆਦਿ ਬਣਨ ਲਈ ਸਹਿਣਸ਼ੀਲਤਾ ਬਹੁਤ ਜ਼ਰੂਰੀ ਗੁਣ ਹੈ।
ਗੁਰਵਿੰਦਰ ਸਿੰਘ ਮੋਹਾਲੀ