ਸਫਾਈ ਨਾ ਹੋਣ ਕਾਰਨ ਚੋਅ ਦਾ ਪਾਣੀ ਚੜਿਆ, ਫਸਲ 'ਤੇ ਪਈ ਮਾਰ
ਕਿਸਾਨਾਂ ਪ੍ਸ਼ਾਸ਼ਨ ਖਿਲਾਫ਼ ਕੀਤੀ ਨਾਅਰੇਬਾਜੀ-
ਭਵਾਨੀਗੜ੍ਹ,17 ਜੁਲਾਈ (ਗੁਰਵਿੰਦਰ ਸਿੰਘ)- ਨੇੜਲੇ ਪਿੰਡ ਘਰਾਚੋਂ ਤੇ ਸਜੂੰਮਾ ਦੀ ਜਮੀਨ ਵਿੱਚ ਦੀ ਹੋ ਕੇ ਲੰਘਦੇ ਸਰਹਿੰਦ ਚੋਅ ਦੀ ਸਾਫ ਸਫਾਈ ਨਾ ਹੋ ਦੇ ਰੋਸ ਵੱਜੋਂ ਅੱਜ ਉਕਤ ਦੋਵੇਂ ਪਿੰਡ ਦੇ ਲੋਕਾਂ ਵੱਲੋਂ ਪ੍ਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਗਈ।ਇਸ ਮੌਕੇ ਬਲਵੀਰ ਸਿੰਘ, ਸ਼ਿਵਜੀਤ ਸਿੰਘ,ਰਾਜਿੰਦਰ ਸਿੰਘ, ਸਤਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਭੂਰਾ ਸਿੰਘ, ਕੁੱਕੂ, ਨਿੰਦਾ ਪੰਡਤ,ਰਣ ਸਿੰਘ, ਅਤਰ ਸਿੰਘ, ਦਰਬਾਰਾ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ, ਨਾਜਰ ਸਿੰਘ, ਗੁਰਦੀਪ ਸਿੰਘ ਆਦਿ ਸਮੇਤ ਹਾਜਰ ਹੋਰ ਕਿਸਾਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਉਨ੍ਹਾਂ ਦੇ ਪਿੰਡ ਦੀਆਂ ਜ਼ਮੀਨਾਂ ਚੋਂ ਲੰਘਦਾ ਸਰਹੰਦ ਚੋਅ ਪਾਣੀ ਨਾਲ ਨੱਕੋ ਨੱਕ ਭਰਿਆ ਵਹਿ ਰਿਹਾ ਹੈ ਜਿਸ ਦੀ ਸਭ ਤੋਂ ਵੱਧ ਮਾਰ ਸੰਜੂਮਾ ਅਤੇ ਗੱਗੜਪੁਰ ਵਿੱਚ ਕਿਸਾਨਾਂ ਦੇ ਖੇਤਾਂ ਦੀ ਫਸਲ 'ਤੇ ਪੈਂਦੀ ਹੈ। ਇਹ ਸਭ ਕੁੱਝ ਜਾਣਦੇ ਹੋਏ ਵੀ ਪ੍ਸ਼ਾਸ਼ਨ ਨੇ ਇਸ ਵਾਰ ਬਰਸਾਤਾਂ ਦੇ ਮੌਸਮ ਤੋਂ ਪਹਿਲਾ ਇਸ ਚੋਅ ਦੀ ਪੁਖਤਾ ਸਾਫ ਸਫਾਈ ਕਰਵਾਉਣ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ ਇੱਕ ਵਾਰ ਕਿਸਾਨਾਂ ਨੂੰ ਵੱਡਾ ਨੁਕਸਾਨ ਭੁਗਤਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਸਫਾਈ ਨਾ ਹੋਣ ਕਰਕੇ ਪਾਣੀ ਦੀ ਬੂਟੀ ਵੱਡੇ ਪੱਧਰ 'ਤੇ ਡਰੇਨ ਵਿੱਚ ਫਸੀ ਪਈ ਹੈ ਜਿਸ ਕਾਰਨ 450 ਏਕੜ ਦੇ ਕਰੀਬ ਕਿਸਾਨਾਂ ਦੀ ਫਸਲ ਨੂੰ ਪਾਣੀ ਨੇ ਅਪਣੀ ਮਾਰ ਹੇਠ ਲੈ ਰੱਖਿਆ ਹੈ। ਇਨ੍ਹਾਂ ਸਭ ਹੋਣ ਦੇ ਬਾਵਜੂਦ ਵੀ ਸਾਫ ਸਫਾਈ ਨੂੰ ਲੈ ਕੇ ਹੁਣ ਤੱਕ ਪ੍ਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ ਹੈ। ਕਿਸਾਨਾਂ ਨੇ ਕਿਹਾ ਕਿ ਪਾਣੀ ਦੀ ਮਾਰ ਤੋਂ ਬਚਣ ਲਈ ਉਹ ਅਪਣੇ ਖਰਚੇ 'ਤੇ ਜੇਸੀਬੀ ਮਸ਼ੀਨਾਂ ਲਗਾ ਕੇ ਚੋਅ ਦੀ ਸਫਾਈ ਕਰਵਾਉਣ ਲਈ ਮਜਬੂਰ ਹੋਏ ਹਨ।
ਪ੍ਸ਼ਾਸਨ ਖਿਲਾਫ਼ ਨਾਅਰੇਬਾਜੀ ਕਰਦੇ ਕਿਸਾਨ.