ਜਨਨੀ ਸੁਰੱਖਿਆ ਯੋਜਨਾ ਤਹਿਤ 1574 ਲਾਭਪਾਤਰੀਆਂ ਨੂੰ 10.70 ਲੱਖ ਰੁਪਏ ਦੀ ਵਿੱਤੀ ਸਹਾਇਤਾ
ਅਪ੍ਰੈਲ 2018 ਤੋਂ ਮਾਰਚ 2019 ਤੱਕ ਵੰਡੀ ਗਈ ਵਿੱਤੀ ਸਹਾਇਤਾ:-ਸਿਵਲ ਸਰਜਨ
ਐਸ.ਏ.ਐਸ. ਨਗਰ, 18 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ )ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਿਹਤ ਸੇਵਾਵਾਂ ਦਾ ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਮਿਲ ਰਿਹਾ ਹੈ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਸਕੀਮਾਂ ਲੋੜਵੰਦ ਲਾਭਪਾਤਰੀਆਂ ਲਈ ਸਹਾਈ ਸਿੱਧ ਹੋ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਜਨਨੀ ਸੁਰੱਖਿਆ ਯੋਜਨਾ ਤਹਿਤ ਅਪਰੈਲ 2018 ਤੋਂ 31 ਮਾਰਚ 2019 ਤੱਕ ਤਕਰੀਬਨ 1574 ਲਾਭਪਾਤਰੀਆਂ ਨੂੰ 10 ਲੱਖ 70 ਹਜ਼ਾਰ 300 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਨੂੰ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਹਤ ਸੰਸਥਾ ਵਿੱਚ ਜਣੇਪੇ ਲਈ ਜਾਂਦੀਆਂ ਪੇਂਡੂ ਇਲਾਕੇ ਦੀਆਂ ਗਰਭਵਤੀ ਔਰਤਾਂ ਨੂੰ 700 ਰੁਪਏ ਅਤੇ ਸ਼ਹਿਰੀ ਇਲਾਕੇ ਦੀਆਂ ਔਰਤਾਂ ਨੂੰ 600 ਰੁਪਏ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਨਨੀ ਸੁਰੱਖਿਆ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਕਾਰਿਆ-ਕ੍ਰਮ ਜਿਹੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਉਦੇਸ਼ ਜੱਚਾ ਤੇ ਬੱਚਾ ਦੀ ਮੌਤ ਦਰ ਨੂੰ ਘੱਟ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਨ੍ਹਾਂ ਸਕੀਮਾਂ ਤਹਿਤ ਜਣੇਪਾ, ਦਵਾਈਆਂ ਅਤੇ ਟੈਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ। ਸੰਸਥਾਗਤ ਜਣੇਪੇ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਆਊਟਰੀਚ ਕੈਂਪਾਂ ਦਾ ਵੀ ਸਮੇਂ-ਸਮੇਂ ’ਤੇ ਉਪਾਰਾਲਾ ਕੀਤਾ ਜਾਂਦਾ ਹੈ।ਡਾ. ਮਨਜੀਤ ਸਿੰਘ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਹਰ ਗਰਭਵਤੀ ਨੂੰ ਸਮੇਂ ਸਿਰ ਸਿਹਤ ਵਿਭਾਗ ਕੋਲ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ। ਹਰ ਗਰਭਵਤੀ ਦਾ 3 ਵਾਰ ਐਂਟੀ ਨਟਲ ਚੈੱਅਪ ਹੋਣਾ ਚਾਹੀਦਾ ਹੈ ਅਤੇ ਜਣੇਪਾ ਕਿਸੇ ਸਿਹਤ ਕੇਂਦਰ ਵਿੱਚ ਹੀ ਕਰਵਾਉਣਾ ਚਾਹੀਦਾ ਹੈ। ਘਰਾਂ ਵਿੱਚ ਜਣੇਪਾ ਕਰਵਾਉਣਾ ਅਕਸਰ ਖਤਰਨਾਕ ਸਾਬਤ ਹੁੰਦਾ ਹੈ, ਕਈ ਵਾਰ ਮਾਂ ਜਾਂ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ। ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਹੀ ਸਰਕਾਰ ਵੱਲੋਂ ਜਨਨੀ ਸੁਰੱਖਿਆ ਯੋਜਨਾ ਵਰਗਾ ਉਪਰਾਲਾ ਕੀਤਾ ਗਿਆ ਹੈ।
ਜਨਨੀ ਸੁਰੱਖਿਆ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ।