ਫਲਾਈਓਵਰ ਦੀ ਉਸਾਰੀ ਦੇ ਕੰਮ ਦੀ ਹਲਕੀ ਚਾਲ ਕਾਰਨ ਲੋਕ ਪ੍ਰੇਸ਼ਾਨ
ਬਲੌਂਗੀ ਤੋਂ ਖਾਨਪੁਰ ਤੱਕ ਉਸਾਰੀ ਅਧੀਨ ਫਲਾਈਓਵਰ ਨੇ ਜਿਊਣਾ ਨਰਕ ਕੀਤਾ :- ਅਰਵਿੰਦ ਗੌਤਮ
ਖਰੜ 18 ਜੁਲਾਈ 2019 {ਗੁਰਵਿੰਦਰ ਸਿੰਘ ਮੋਹਾਲੀ}: ਦਸੰਬਰ 2016 ਵਿੱਚ ਜਦੋਂ ਬਲੌਂਗੀ ਤੋਂ ਖਰੜ ਤੱਕ ਫਲਾਈਓਵਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਖਰੜ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਇਸ ਸੜਕ ’ਤੇ ਹੋਣ ਵਾਲੇ ਭਾਰੀ ਰਸ਼ ਅਤੇ ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਤੋਂ ਉਨ੍ਹਾਂ ਨੂੰ ਬਹੁਤ ਰਾਹਤ ਮਿਲੇਗੀ। ਉਸ ਸਮੇਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ ਕਿ ਇਹ ਫਲਾਈਓਵਰ ਉਨ੍ਹਾਂ ਦੀ ਜ਼ਿੰਦਗੀ ਨੂੰ ਵਧੇਰੇ ਮੁਸ਼ਕਲਾਂ ਪੈਦਾ ਕਰ ਦੇਵੇਗਾ ਅਤੇ ਸੜਕ ਦੇ ਦੋਵੇਂ ਪਾਸੇ ਰਹਿ ਰਹੇ ਲੋਕਾਂ ਲਈ ਇਹ ਨਰਕ ਜਿਹਾ ਜੀਵਨ ਜਿਊਣ ਲਈ ਮਜਬੂਰ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਕਿਸੇ ਨਾ ਕਿਸੇ ਕਾਰਨ ਨਾਲ ਇਸ ਫਲਾਈਓਵਰ ਦੀ ਉਸਾਰੀ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ। ਸੰਨੀ ਇਨਕਲੇਵ ਤੋਂ ਲੈ ਕੇ ਖਾਨਪੁਰ ਪੁਲ ਤੱਕ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਟਰੈਫਿਕ ਜਾਮ ਲੱਗ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਉਤੇ ਬਹੁਤ ਡੂੰਘੇ ਟੋਏ ਪਏ ਹੋਏ ਹਨ ਤੇ ਇਨ੍ਹਾਂ ਬਰਸਾਤਾਂ ਵਿੱਚ ਉਥੇ ਪਾਣੀ ਭਰ ਗਿਆ ਹੈ ਅਤੇ ਚਾਰੇ ਪਾਸੇ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਹੈ ਪਰ ਕੋਈ ਅਧਿਕਾਰੀ, ਸਿਆਸੀ ਆਗੂ, ਐਲ ਐਂਡ ਟੀ ਕੰਪਨੀ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਇਸ ਦੀ ਸਾਰ ਲੈਣ ਨਹੀਂ ਆਏ। ਇਸ ਸੜਕ ਉਤੇ ਹਾਲਾਤ ਇੰਨੇ ਖਰਾਬ ਹਨ ਕਿ ਕਿਸੇ ਵੀ ਦੋ ਪਹੀਆ ਵਾਹਨ ਲਈ ਚੱਲਣਾ ਬਹੁਤ ਹੀ ਮੁਸ਼ਕਲ ਹੈ ਅਤੇ ਚਾਰ-ਪਹੀਆ ਵਾਹਨ ਚਾਲਕਾਂ ਨੂੰ ਬਹੁਤ ਹੀ ਧੀਮੀ ਗਤੀ ਨਾਲ ਆਪਣਾ ਵਾਹਨ ਚਲਾਉਣਾ ਪੈਂਦਾ ਹੈ। ਹਰ ਰੋਜ਼ ਇੱਥੇ ਕਿਸੇ ਨਾ ਕਿਸੇ ਦੋ ਪਹੀਆ ਚਾਲਕ ਨੂੰ ਹਾਦਸੇ ਕਾਰਨ ਸੱਟਾਂ ਲੱਗਦੀਆਂ ਹੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਤੱਕ ਵੀ ਇਸ ਸੜਕ ਲਈ ਜ਼ਰੂਰੀ 100 ਦੇ ਕਰੀਬ ਸਟਰਕਚਰ ਢਾਹੇ ਜਾਣੇ ਬਾਕੀ ਹਨ। ਭਾਵੇਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਕ੍ਰਿਸ਼ਨ ਸਚਦੇਵਾ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਸਾਰੇ ਸਟਰਕਚਰ ਢਾਹ ਦੇਣ ਮਗਰੋਂ ਇੱਕ ਸਾਲ ਦੇ ਅੰਦਰ ਇਹ ਫਲਾਈਓਵਰ ਮੁਕੰਮਲ ਕਰ ਦੇਣਗੇ ਪਰ ਲੋਕਾਂ ਨੂੰ ਇਸ ਵਿੱਚ ਸ਼ੱਕ ਹੈ ਅਤੇ ਲਗਦਾ ਹੈ ਕਿ ਉਨ੍ਹਾਂ ਨੂੰ ਹਾਲੇ ਹੋਰ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇਗਾ।