" ਵਿਦੇਸ਼ ਨੀਤੀ 'ਤੇ ਸਿਆਸਤ "
ਇਹ ਪਹਿਲੀ ਵਾਰ ਨਹੀਂ ਜਦੋਂ ਬਿਨਾਂ ਵਿਚਾਰ ਕੀਤਿਆਂ ਕੁਝ ਵੀ ਬੋਲਣ ਦੇ ਆਦੀ ਟਰੰਪ ਨੇ ਕਸ਼ਮੀਰ 'ਤੇ ਵਿਚੋਲਗੀ ਦੀ ਇੱਛਾ ਪ੍ਗਟਾਈ ਹੋਵੇ
{ਗੁਰਵਿੰਦਰ ਸਿੰਘ ਮੋਹਾਲੀ} ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨੀ ਪ੍ਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ 'ਤੇ ਵਿਚੋਲਗੀ ਦੀ ਇੱਛਾ ਪ੍ਰਗਟਾ ਕੇ ਭਾਰਤ ਦੇ ਨਾਲ-ਨਾਲ ਅਮਰੀਕੀ ਪ੍ਸ਼ਾਸਨ ਨੂੰ ਵੀ ਅਸਹਿਜ ਕਰਨ ਦਾ ਕੰਮ ਕੀਤਾ ਹੈ। ਇਸ ਦੀ ਪੁਸ਼ਟੀ ਖ਼ੁਦ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਸ ਸਪੱਸ਼ਟੀਕਰਨ ਤੋਂ ਹੁੰਦੀ ਹੈ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਬਿਨਾਂ ਵਿਚਾਰ ਕੀਤਿਆਂ ਕੁਝ ਵੀ ਬੋਲਣ ਦੇ ਆਦੀ ਟਰੰਪ ਨੇ ਕਸ਼ਮੀਰ 'ਤੇ ਵਿਚੋਲਗੀ ਦੀ ਇੱਛਾ ਪ੍ਗਟਾਈ ਹੋਵੇ। ਉਹ 2016 ਵਿਚ ਵੀ ਅਜਿਹੀ ਇੱਛਾ ਜ਼ਾਹਰ ਕਰ ਚੁੱਕੇ ਹਨ ਪਰ ਇਸ ਵਾਰ ਉਹ ਇੱਥੋਂ ਤਕ ਕਹਿ ਗਏ ਕਿ ਦੋ ਹਫ਼ਤੇ ਪਹਿਲਾਂ ਖ਼ੁਦ ਭਾਰਤੀ ਪ੍ਧਾਨ ਮੰਤਰੀ ਨੇ ਉਨ੍ਹਾਂ ਨੂੰ ਕਸ਼ਮੀਰ 'ਤੇ ਵਿਚੋਲਗੀ ਦੀ ਅਪੀਲ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜਾਪਾਨ ਦੇ ਓਸਾਕਾ ਵਿਚ ਹੋਏ ਜੀ-20 ਸਿਖ਼ਰ ਸੰਮੇਲਨ ਵਿਚ ਨਰਿੰਦਰ ਮੋਦੀ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਸਨ ਪਰ ਇਸ ਗੱਲਬਾਤ ਦੀ ਤਫਸੀਲ ਵਿਚ ਤਾਂ ਅਜਿਹਾ ਕੁਝ ਵੀ ਨਹੀਂ ਸੀ। ਟਰੰਪ ਅਜਿਹੇ ਆਧਾਰਹੀਣ ਦਾਅਵੇ ਕਰਨ ਵਿਚ ਕਿਸ ਕਦਰ ਮਾਹਰ ਹਨ, ਇਸ ਦੀਆਂ ਮਿਸਾਲਾਂ ਆਏ ਦਿਨ ਮਿਲਦੀਆਂ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਇਹ ਹਾਸੋਹੀਣਾ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ ਦਬਾਅ ਕਾਰਨ ਹੀ ਪਾਕਿਸਤਾਨ ਨੇ ਦਸ ਸਾਲਾਂ ਮਗਰੋਂ ਮੁੰਬਈ ਹਮਲੇ ਦੇ ਗੁਨਾਹਗਾਰ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕੀਤਾ। ਅਮਰੀਕੀ ਰਾਸ਼ਟਰਪਤੀ ਕੂਟਨੀਤਕ ਸ਼ਿਸ਼ਟਾਚਾਰ ਨੂੰ ਦਰਕਿਨਾਰ ਕਰ ਕੇ ਵੀ ਖ਼ੂਬ ਬਿਆਨ ਦਿੰਦੇ ਰਹਿੰਦੇ ਹਨ। ਇਸ ਦਾ ਨਮੂਨਾ ਉਨ੍ਹਾਂ ਦਾ ਇਹ ਕਥਨ ਹੈ ਕਿ ਉਹ ਇਕ ਕਰੋੜ ਅਫ਼ਗਾਨੀਆਂ ਨੂੰ ਮਾਰਨਾ ਨਹੀਂ ਚਾਹੁੰਦੇ, ਵਰਨਾ ਇਕ ਹਫ਼ਤੇ ਵਿਚ ਹੀ ਅਫ਼ਗਾਨਿਸਤਾਨ ਵਿਚਲੀ ਜੰਗ ਜਿੱਤ ਸਕਦੇ ਹਨ। ਉਨ੍ਹਾਂ ਇਹ ਬਿਆਨ ਵੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਹੀ ਦਿੱਤਾ। ਇਸ 'ਤੇ ਹੈਰਾਨੀ ਨਹੀਂ ਕਿ ਨਾਰਾਜ਼ ਅਫ਼ਗਾਨਿਸਤਾਨ ਨੇ ਅਮਰੀਕਾ ਤੋਂ ਸਫ਼ਾਈ ਮੰਗੀ ਹੈ। ਅਮਰੀਕੀ ਰਾਸ਼ਟਰਪਤੀ ਦੇ ਅਨੋਖੇ ਬਿਆਨ 'ਤੇ ਭਾਰਤ ਵਿਚ ਹਲਚਲ ਮਚਣੀ ਹੀ ਸੀ ਪਰ ਜੇਕਰ ਕੋਈ ਇਹ ਸਮਝ ਰਿਹਾ ਹੈ ਕਿ ਨਰਿੰਦਰ ਮੋਦੀ ਜਾਂ ਹੋਰ ਕੋਈ ਭਾਰਤੀ ਪ੍ਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਨੂੰ ਕਸ਼ਮੀਰ 'ਤੇ ਵਿਚੋਲਗੀ ਕਰਨ ਦੀ ਅਪੀਲ ਕਰ ਸਕਦਾ ਹੈ ਤਾਂ ਇਹ ਕਲਪਨਾ ਤੋਂ ਦੂਰ ਹੈ। ਸ਼ਿਮਲਾ ਸਮਝੌਤੇ ਤੋਂ ਬਾਅਦ ਦੇਸ਼ ਦੀ ਹਰ ਸਰਕਾਰ ਹੀ ਨਹੀਂ, ਸਭ ਸਿਆਸੀ ਪਾਰਟੀਆਂ ਦੀ ਇਹੋ ਸਾਂਝੀ ਨੀਤੀ ਰਹੀ ਹੈ ਕਿ ਕਸ਼ਮੀਰ ਦੁਵੱਲਾ ਮਸਲਾ ਹੈ ਅਤੇ ਇਸ 'ਤੇ ਕਿਸੇ ਹੋਰ ਦੇਸ਼ ਨੂੰ ਦਖ਼ਲ ਦੇਣ ਦਾ ਅਧਿਕਾਰ ਨਹੀਂ। ਦੁੱਖ ਦੀ ਗੱਲ ਇਹ ਹੈ ਕਿ ਕੁਝ ਵਿਰੋਧੀ ਨੇਤਾ ਅਮਰੀਕੀ ਰਾਸ਼ਟਰਪਤੀ ਦੇ ਬਿਆਨ 'ਤੇ ਭਾਰਤੀ ਪ੍ਧਾਨ ਮੰਤਰੀ ਤੋਂ ਸਪੱਸ਼ਟੀਕਰਨ ਮੰਗ ਰਹੇ ਹਨ ਅਤੇ ਉਹ ਵੀ ਉਦੋਂ ਜਦੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਬਿਆਨ ਦਾ ਖੰਡਨ ਕੀਤਾ ਅਤੇ ਫਿਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ। ਵਿਦੇਸ਼ ਮੰਤਰੀ ਵੱਲੋਂ ਸੰਸਦ ਵਿਚ ਸਭ ਕੁਝ ਸਪੱਸ਼ਟ ਕੀਤੇ ਜਾਣ ਅਤੇ ਅਮਰੀਕੀ ਪ੍ਰਸ਼ਾਸਨ ਦੇ ਪਿਛਲ ਪੈਰੀਂ ਆ ਜਾਣ ਤੋਂ ਬਾਅਦ ਇਸ ਦੀ ਕੋਈ ਤੁਕ ਨਹੀਂ ਕਿ ਟਰੰਪ ਦੇ ਬਿਆਨ ਨੂੰ ਤੂਲ ਦੇ ਕੇ ਸਿਆਸੀ ਚੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਮੰਦੇ ਭਾਗੀਂ ਰਾਹੁਲ ਗਾਂਧੀ ਸਮੇਤ ਕੁਝ ਹੋਰ ਨੇਤਾ ਠੀਕ ਇਹੋ ਕਰਨ ਵਿਚ ਲੱਗੇ ਹੋਏ ਹਨ। ਟਰੰਪ ਦੇ ਬਿਆਨ ਤੋਂ ਬਾਅਦ ਵਿਦੇਸ਼ ਨੀਤੀ ਅਤੇ ਖ਼ਾਸ ਤੌਰ 'ਤੇ ਕਸ਼ਮੀਰ ਨੀਤੀ ਬਾਰੇ ਜਿਹੋ-ਜਿਹੀ ਘਟੀਆ ਸਿਆਸਤ ਦੇਖਣ ਨੂੰ ਮਿਲ ਰਹੀ ਹੈ, ਉਹ ਜਾਣੇ-ਅਣਜਾਣੇ ਸ਼ਰਾਰਤੀ ਪਾਕਿਸਤਾਨ ਨੂੰ ਹੱਲਾਸ਼ੇਰੀ ਦੇਣ ਅਤੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਦੀ ਕੂਟਨੀਤਕ ਨਾਦਾਨੀ ਨੂੰ ਅਹਿਮੀਅਤ ਦੇਣ ਵਾਲੀ ਹੈ। ਆਖ਼ਰ ਅਮਰੀਕੀ ਰਾਸ਼ਟਰਪਤੀ ਦੇ ਫਜ਼ੂਲ ਬਿਆਨ ਸਬੰਧੀ ਭਾਰਤੀ ਪ੍ਰਧਾਨ ਮੰਤਰੀ 'ਤੇ ਸ਼ੱਕ ਜ਼ਾਹਰ ਕਰਨ ਨਾਲ ਕਿਸ ਦੇ ਮਨੋਰਥ ਪੂਰੇ ਹੋਣ ਵਾਲੇ ਹਨ?


Indo Canadian Post Indo Canadian Post