ਜਾਗਰੂਕਤਾ ਮੁਹਿੰਮ ਦੌਰਾਨ ਕਈ ਘਰਾਂ 'ਚੋਂ ਮਿਲਿਆ ਡੇੰਗੂ ਦਾ ਲਾਰਵਾ
-ਅੈਸਡੀਅੈਮ ਨੇ ਦਿੱਤੇ ਚਲਾਣ ਕੱਟਣ ਦੇ ਹੁਕਮ-
ਭਵਾਨੀਗੜ, 26 ਜੁਲਾਈ (ਗੁਰਵਿੰਦਰ ਸਿੰਘ)-ਸਿਹਤ ਵਿਭਾਗ ਵੱਲੋਂ ਡੇੰਗੂ ਦੀ ਰੋਕਥਾਮ ਤੇ ਬਚਾਓ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੈਸਡੀਅੈਮ ਭਵਾਨੀਗੜ ਅੰਕੁਰ ਮਹਿੰਦਰੂ ਦੀ ਅਗਵਾਈ ਹੇਠ ਸ਼ਹਿਰ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਹਰੀ ਝੰਡੀ ਦੇ ਕੇ ਐੱਸਡੀਐੱਮ ਭਵਾਨੀਗੜ੍ਹ ਵੱਲੋਂ ਰਵਾਨਾ ਕੀਤਾ ਗਿਆ। ਰੈਲੀ ਵਿੱਚ ਸਮੂਹ ਸਿਹਤ ਕਰਮਚਾਰੀ ਐਮ ਪੀ ਡਬਲਿਊ (ਮੇਲ) ਅਤੇ ਐੱਮ ਪੀ ਐੱਸ (ਮੇਲ) ਤੇ ਨਗਰ ਕੌਂਸਲ ਦੇ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਰਹੇ ਜਿਨ੍ਹਾਂ ਨੇ ਘਰ ਘਰ ਜਾ ਕੇ ਫਰਿੱਜ ਦੀਆਂ ਬੈਕ ਸਾਈਡ ਟਰੇਆਂ, ਕੂਲਰ ਅਤੇ ਹੋਰ ਕਬਾੜ ਬਰਤਨ, ਗਮਲਿਆਂ ਦੀ ਚੈਕਿੰਗ ਕੀਤੀ ਤੇ ਖੜੇ ਪਾਣੀ ਨੂੰ ਨਸ਼ਟ ਕਰਵਾਇਆ। ਚੈੰਕਿੰਗ ਦੌਰਾਨ ਟੀਮ ਨੂੰ ਸ਼ਹਿਰ ਦੇ ਕਈ ਘਰਾਂ 'ਚੋਂ ਡੇੰਗੂ ਦਾ ਲਾਰਵਾ ਮਿਲਣ 'ਤੇ ਚੇਤਾਵਨੀ ਦੇ ਕੇ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਅੈਸਡੀਅੈਮ ਦੀ ਮੌਜੂਦਗੀ 'ਚ ਸਿਹਤ ਵਿਭਾਗ ਦੀ ਟੀਮ ਨੂੰ ਦਸ਼ਮੇਸ਼ ਨਗਰ ਵਿੱਚ ਇੱਕ ਘਰ ਦੇ ਕੂਲਰ 'ਚੋਂ ਡੇੰਗੂ ਦਾ ਲਾਰਵਾ ਮਿਲਣ 'ਤੇ ਚਲਾਣ ਵੀ ਕੱਟਿਆ ਗਿਆ। ਇਸ ਦੌਰਾਨ ਅੈਸਡੀਅੈਮ ਅੰਕੁਰ ਮਹਿੰਦਰੂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਅਤੇ ਸਾਨੂੰ ਡੇੰਗੂ ਤੇ ਚਿਕਣਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਅਪਣਾ ਅਾਲਾ ਦੁਆਲਾ ਸਾਫ ਸੁਥਰਾ ਰੱਖਣ ਦੇ ਨਾਲ ਕਿਸੇ ਵੀ ਥਾਂ 'ਤੇ ਪਾਣੀ ਰੁਕਣ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਰਮਚਾਰੀਆਂ ਨੂੰ ਮੁੱਖ ਮਾਰਗ ਦੇ ਦੋਵੇਂ ਪਾਸੇ ਬਣੇ ਨਿਕਾਸੀ ਨਾਲਿਆਂ ਵਿਚ ਦਵਾਈ ਜਾਂ ਮਿੱਟੀ ਦੇ ਤੇਲ ਦਾ ਛਿੜਕਾਅ ਕਰਨ ਦੇ ਨਿਰਦੇਸ਼ ਦਿੱਤੇ।ਅੈਸਡੀਅੈਮ ਨੇ ਸਿਹਤ ਵਿਭਾਗ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਡੇੰਗੂ ਦਾ ਲਾਰਵਾ ਮਿਲਣ 'ਤੇ 50 ਚਲਾਣ ਕੱਟਣ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਕਾਰਜਸਾਧਕ ਅਫਸਰ ਭਵਾਨੀਗੜ ਰਾਕੇਸ਼ ਕੁਮਾਰ ਗਰਗ, ਦੀਪਕ ਕੁਮਾਰ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ, ਅੈਸ.ਆਈ ਧਰਮਪਾਲ, ਹਰਮੇਸ਼ ਚੰਦ, ਗੁਰਜੰਟ ਸਿੰਘ ਤੇ ਪ੍ਰੇਮ ਕੁਮਾਰ ਸਿੰਗਲਾ ਵੀ ਹਾਜ਼ਰ ਸਨ।
ਵਾਨੀਗੜ ਵਿਖੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਅੈਸਡੀਅੈਮ।