ਮਾਮਲਾ ਡੇਅਰੀ ਫਾਰਮਾਂ ਚ ਪਸ਼ੂਆਂ ਦੀ ਮੌਤ ਹੋਈ ਦਾ
ਕੈਬਨਿਟ ਮੰਤਰੀ ਨੇ ਪੁੱਜ ਕੇ ਲਿਆ ਜਾਇਜਾ
ਐਸ. ਏ. ਐਸ. ਨਗਰ, 27 ਜੁਲਾਈ {ਗੁਰਵਿੰਦਰ ਸਿੰਘ ਮੋਹਾਲੀ} ਇਥੋਂ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ 'ਹੋਈ ਪਸ਼ੂਆਂ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ 'ਤੇ ਐਫ. ਆਈ. ਆਰ. ਦਰਜ ਕੀਤੀ ਜਾਵੇਗੀ। ਇਹ ਭਰੋਸਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਕੰਡਾਲਾ ਵਿਖੇ ਪਸ਼ੂਆਂ ਦੀ ਮੌਤ ਤੋਂ ਬਾਅਦ ਉਪਜੇ ਹਾਲਾਤ ਦਾ ਜਾਇਜ਼ਾ ਲੈਣ ਮੌਕੇ ਪੀੜਤ ਵਿਅਕਤੀਆਂ ਨੂੰ ਦਿੱਤਾ। ਇਸ ਮੌਕੇ ਓਹਨਾ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਬੁਲਾਈ ਰੀਜਨਲ ਡਸੀਜ਼ ਡਾਇਗਨੋਸਟਿਕ ਲੈਬੋਰੇਟਰੀ ਨਾਰਥ ਜ਼ੋਨ ਦੀ ਟੀਮ ਵੀ ਮੌਜੂਦ ਸੀ।ਓਹਨਾ ਦੱਸਿਆ ਕਿ ਪਸ਼ੂਆਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਓਹਨਾ ਦੱਸਿਆ ਕਿ ਪਸ਼ੂਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਰ ਡਾਕਟਰਾਂ ਦੀ ਟੀਮ ਬੁਲਾਈ ਗਈ ਹੈ, ਜਿਸ ਵੱਲੋਂ ਮਰੇ ਹੋਏ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਤਾਂ ਜੋ ਪਸ਼ੂਆਂ ਦੀ ਮੌਤ ਦੀ ਸਹੀ ਵਜ• ਦਾ ਪਤਾ ਲਗਾ ਕੇ ਬਾਕੀ ਪਸ਼ੂਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਓਹਨਾ ਇਹ ਵੀ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਡਾਕਟਰ ਦੀ ਵੀ ਅਣਗਹਿਲੀ ਪਾਈ ਗਈ ਤਾਂ ਉਸ ਦੀ ਜਵਾਬ ਤਲਬੀ ਕੀਤੀ ਜਾਵੇਗੀ। ਓਹਨਾ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਵੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸ. ਸਿੱਧੂ ਵੱਲੋਂ ਪਿੰਡ ਸਫੀਪੁਰ ਵਿਖੇ ਇਕ ਪਰਿਵਾਰ ਦੇ ਪਸ਼ੂਆਂ ਦੀ ਮੌਤ ਹੋਣ ਦੀ ਘਟਨਾ ਦਾ ਵੀ ਪਿੰਡ ਵਿੱਚ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ. ਡੀ. ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ, ਤਹਿਸੀਲਦਾਰ ਮੈਡਮ ਸੁਖਪਿੰਦਰ ਕੌਰ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਇੰਦਰਜੀਤ ਸਿੰਘ, ਜੁਆਇੰਟ ਡਾਇਰੈਕਟਰ ਡਾ. ਸਤਬੀਰ ਸਿੰਘ ਬਾਜਵਾ, ਜੁਆਇੰਟ ਡਾਇਰੈਕਟਰ ਸੰਜੀਵ ਖੋਸਲਾ, ਡਿਪਟੀ ਡਾਇਰੈਕਟਰ ਡਾ. ਨਿਰਮਲਜੀਤ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਢਿੱਲੋਂ ਅਤੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਸਫੀਪੁਰ ਰਮਨਦੀਪ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਿੰਡ ਕੰਡਾਲਾ ਵਿਖੇ ਜਾਇਜ਼ਾ ਲੈਂਦੇ ਹੋਏ।