ਹਾਦਸੇ ਨੂੰ ਸੱਦਾ ਦੇ ਰਹੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ
ਲੋਕਾਂ ਬਿਜਲੀ ਵਿਭਾਗ ਖਿਲਾਫ਼ ਕੀਤੀ ਨਾਅਰੇਬਾਜੀ
ਭਵਾਨੀਗੜ, 3 ਅਗਸਤ (ਗੁਰਵਿੰਦਰ ਸਿੰਘ)- ਪਿੰਡ ਚੰਨੋ ਵਿਖੇ ਪਟਿਆਲਾ ਰੋਡ 'ਤੇ ਥ੍ਰੀ ਪੀ ਦੇ ਸਾਹਮਣੇ ਮੁਹੱਲੇ 'ਚ ਢਿੱਲੀਆਂ ਹੋ ਕੇ ਲਟਕ ਰਹੀਆਂ ਬਿਜਲੀ ਦੀ ਤਾਰਾਂ ਨੂੰ ਲੈ ਕੇ ਗੁੱਸੇ ਵਿੱਚ ਆਏ ਮੁਹੱਲਾ ਵਾਸੀਆਂ ਨੇ ਅੱਜ ਬਿਜਲੀ ਵਿਭਾਗ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਅਪਣੀ ਭੜਾਸ ਕੱਢੀ। ਇਸ ਮੌਕੇ ਮੁਹੱਲਾ ਵਾਸੀ ਕਾਮਰੇਡ ਦਵਿੰਦਰ ਸਿੰਘ, ਗੁਰਜੰਟ ਸਿੰਘ, ਜਗਦੇਵ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪਵਨ ਸਿੰਘ, ਸ਼ੰਕਰ ਪੰਡਤ, ਅਮਰਜੀਤ ਪੰਡਤ ਨੇ ਪੱਤਰਕਾਰਾ ਨੂੰ ਦੱਸਿਆ ਕਿ ਮੁਹੱਲੇ ਦੇ ਲੋਕ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਦੇ ਚਲਦਿਆਂ ਇੱਥੇ ਮੌਤ ਦੇ ਸਾਏ ਹੇਠ ਜਿਊਣ ਲਈ ਮਜਬੂਰ ਹੋ ਰਹੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਵਿੱਚ ਪੋਲ ਨਹੀਂ ਹੈ ਤੇ ਬਿਜਲੀ ਦੀਆਂ ਤਾਰਾਂ ਦਾ ਜਾਲ ਵਿਛਿਆ ਪਿਆ ਹੈ ਜਿਸ ਕਰਕੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਬਿਲਕੁੱਲ ਜ਼ਮੀਨ ਨੂੰ ਛੂਹ ਰਹੀਆਂ ਹਨ ਜੋ ਇੱਥੋਂ ਗੁਜਰਦੇ ਲੋਕਾਂ ਸਮੇਤ ਗਲੀ 'ਚ ਖੇਡਦੇ ਛੋਟੇ ਬੱਚਿਆਂ ਲਈ ਕਦੇ ਵੀ ਕਿਸੇ ਹਾਦਸੇ ਦਾ ਕਾਰਣ ਬਣ ਸਕਦੀਆਂ ਹਨ। ਲੋਕਾਂ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਨੇ ਇਸ ਸਬੰਧੀ ਇੱਕ ਲਿਖਤੀ ਦਰਖਾਸਤ ਬਿਜਲੀ ਵਿਭਾਗ ਨੂੰ ਦਿੱਤੀ ਸੀ ਪਰੰਤੂ ਢਾਈ ਮਹੀਨੇ ਬੀਤਣ 'ਤੇ ਵੀ ਅਧਿਕਾਰੀਅਾਂ ਨੇ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਤੇ ਅੱਜ ਵੀ ਤਾਰਾਂ ਉਸੇ ਤਰਾਂ ਲਟਕ ਰਹੀਆਂ ਹਨ। ਪ੍ਰਦਰਸ਼ਨ ਕਰ ਰਹੇ ਮੁਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਤੋਂ ਪੋਲ ਗੱਡ ਕੇ ਢਿੱਲੀਆਂ ਤਾਰਾਂ ਨੂੰ ਕਸ ਕੇ ਜਲਦ ਤੋਂ ਜਲਦ ਉੱਚੀਆਂ ਕਰਨ ਦੀ ਮੰਗ ਕੀਤੀ। ਓਧਰ, ਬਿਜਲੀ ਵਿਭਾਗ ਸਬ ਡਵੀਜ਼ਨ ਨਦਾਮਪੁਰ ਦੇ ਅੈਸਡੀਓ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਇਸ ਸਬੰਧੀ ਜੇ.ਈ ਨੂੰ ਕਹਿ ਕੇ ਹੱਲ ਕਰਵਾ ਦਿੰਦੇ ਹਨ।
ਬਿਜਲੀ ਦੀਆਂ ਢਿੱਲੀਆਂ ਤਾਰਾਂ ਦਿਖਾਉੰਦੇ ਹੋਏ ਨਾਅਰੇਬਾਜੀ ਕਰਦੇ ਲੋਕ।