ਪਿੰਡ ਪੱਧਰੀ ਐਕਸ਼ਨ ਕਮੇਟੀ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ 1 ਕਾਬੂ
ਨਸ਼ੀਲੀਆਂ ਗੋਲੀਆਂ ਸਣੇ ਕੀਤਾ ਪੁਲਸ ਹਵਾਲੇ
ਭਵਾਨੀਗੜ੍ਹ, 8 ਅਗਸਤ (ਗੁਰਵਿੰਦਰ ਸਿੰਘ)- ਪਿੰਡ ਘਰਾਚੋਂ ਵਿਖੇ ਦਵਾਈਆਂ ਦੀ ਆੜ ਹੇਠ ਦੁਕਾਨ 'ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਗੋਰਖਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਅੱਜ ਪਿੰਡ ਦੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿੱਚ ਦੁਕਾਨ ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਬਿਨਾਂ ਰੋਕ ਟੋਕ ਜਾਂ ਵਗੈਰ ਕਿਸੇ ਡਰ ਤੋਂ ਕਰ ਰਿਹਾ ਸੀ ਹਾਲਾਂਕਿ ਦੁਕਾਨਦਾਰ ਨੂੰ ਇਸ ਧੰਦੇ ਨੂੰ ਬੰਦ ਕਰਨ ਲਈ ਕਈ ਵਾਰ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਕੀਤੀ ਗਈ ਲੇਕਿਨ ਉੱਹ ਬਾਜ ਨਾ ਆਇਆ। ਜਿਸ ਤਹਿਤ ਅੱਜ ਕਮੇਟੀ ਮੈੰਬਰਾਂ ਨੇ ਇੱਕ ਵਿਉਂਤਬੰਦੀ ਦੇ ਤਹਿਤ ਉਕਤ ਵਿਅਕਤੀ ਦੀ ਦੁਕਾਨ 'ਤੇ ਇੱਕ ਫਰਜੀ ਗ੍ਰਾਹਕ ਨੂੰ ਭੇਜ ਕੇ ਨਸ਼ੇ ਦੇ 10 ਪੱਤਿਆਂ ਦੀ ਮੰਗ ਕੀਤੀ ਤਾਂ ਉਕਤ ਦੁਕਾਨਦਾਰ ਨੇ ਦਸ ਪੱਤਿਆਂ ਬਾਬਤ ਗ੍ਰਾਹਕ ਤੋਂ ਇੱਕ ਹਜਾਰ ਰੁਪਏ ਵਸੂਲ ਕੇ ਮੌਕੇ ਉਪਰ 3 ਪੱਤੇ ਦੇ ਕੇ ਬਾਕੀ ਰਹਿੰਦੇ 7 ਪੱਤੇ ਉਸਨੂੰ ਸ਼ਾਮ ਤੱਕ ਸੰਗਰੂਰ ਤੋਂ ਲਿਆ ਕੇ ਦੇਣ ਬਾਰੇ ਕਿਹਾ ਤਾਂ ਅੈਕਸ਼ਨ ਕਮੇਟੀ ਦੇ ਮੈੰਬਰਾਂ ਵੱਲੋਂ ਉਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਤੇ ਬਾਅਦ ਵਿੱਚ ਵਿਅਕਤੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਅੈਕਸ਼ਨ ਕਮੇਟੀ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਕਤ ਵਿਅਕਤੀ ਖਿਲਾਫ਼ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਕਸ਼ਨ ਕਮੇਟੀ ਦੇ ਮੈੰਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੰਗਰੂਰ ਦੇ ਜਿਸ ਟਿਕਾਣੇ ਤੋਂ ਉਕਤ ਵਿਅਕਤੀ ਗੋਲੀਆਂ ਲਿਆਉੰਣ ਬਾਰੇ ਕਹਿ ਰਿਹਾ ਹੈ ਉਸ ਦਾ ਵੀ ਪਰਦਾਫਾਸ਼ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਕਮੇਟੀ ਦੇ ਪ੍ਧਾਨ ਅਵਤਾਰ ਸਿੰਘ ਤੋਤੀ, ਮਨਿੰਦਰ ਸਿੰਘ ਖਜਾਨਚੀ, ਤੇਜਿੰਦਰ ਸਿੰਘ, ਜਿੰਦਰ ਸਿੰਘ, ਰਘਵੀਰ ਸਿੰਘ, ਮਨਜੀਤ ਸਿੰਘ ਕਿਸਾਨ ਆਗੂ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ ਆਦਿ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਪਿੰਡ ਵਿੱਚ ਨਸ਼ਾ ਵੇਚਣ ਤੇ ਕਰਨ ਵਾਲਿਆਂ ਖਿਲਾਫ਼ ਕਮੇਟੀ ਦੀ ਇੱਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਨਾਲ ਹੀ ਕਮੇਟੀ ਨਸ਼ਾ ਕਰਨ ਤੇ ਵੇਚ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਗੈਰ ਸਮਾਜਿਕ ਤੱਤਾਂ ਨੂੰ ਅਪਣੇ ਪੱਧਰ 'ਤੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਜਾਵੇਗਾ। ਇਸ ਸਬੰਧੀ (ਆਈ ਓ) ਜਾਂਚ ਅਧਿਕਾਰੀ ਨੇ ਕਿਹਾ ਕੇ ਜਾਂਚ ਜਾਰੀ ਹੈ ਅਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ।
ਵਿਅਕਤੀ ਨੂੰ ਪੁਲਸ ਹਵਾਲੇ ਕਰਦੇ ਅੈਕਸ਼ਨ ਕਮੇਟੀ ਦੇ ਮੈਂਬਰ।