ਟੋਲ ਪਲਾਜਾ ਵਰਕਰਾਂ ਵੱਲੋਂ ਮੈਨੇਜਮੈਟ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਸ਼ੁਰੂ ਕੀਤਾ ਧਰਨਾ
ਭਵਾਨੀਗੜ, 20 ਅਗਸਤ (ਗੁਰਵਿੰਦਰ ਸਿੰਘ)- ਟੋਲ ਪਲਾਜਾ 'ਤੇ ਪਿਛਲੇ ਦਿਨੀਂ ਟੋਲ ਪ੍ਬੰਧਕਾਂ ਵੱਲੋਂ ਵਰਕਰਾਂ ਤੋਂ ਕਥਿਤ ਰੂਪ ਵਿੱਚ ਜਾਅਲੀ ਨੋਟ ਚਲਵਾਉਣ ਦੇ ਮਾਮਲੇ ਵਿੱਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਅਤੇ ਟੋਲ ਮੈਨੇਜਮੈਟ ਵੱਲੋਂ ਵਰਕਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਭੜਕੇ ਕਾਲਾਝਾੜ ਟੋਲ ਪਲਾਜਾ ਵਰਕਰ ਯੂਨੀਅਨ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣ ਦਾ ਅੈਲਾਣ ਕਰ ਦਿੱਤਾ। ਇਸ ਮੌਕੇ ਟੋਲ ਮੈਨੇਜਮੈਟ ਦਫਤਰ ਦੇ ਸਾਹਮਣੇ ਟੈੰਟ ਲਗਾ ਕੇ ਧਰਨੇ 'ਤੇ ਬੈਠੇ ਵਰਕਰ ਯੂਨੀਅਨ ਦੇ ਦਮਨ ਸਿੰਘ, ਦਵਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਰੈਣ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ, ਟੋਨੀ ਸਿੰਘ, ਦਵਿੰਦਰ ਸਿੰਘ, ਗੁਰਸੇਵਕ ਸਿੰਘ, ਸਤਾਰ ਖਾਨ, ਮਲਕੀਤ ਸਿੰਘ, ਰਾਜਵਿੰਦਰ ਸਿੰਘ, ਪਰਮਿੰਦਰ ਸਿੰਘ, ਜਗਮਿੰਦਰ ਸਿੰਘ, ਦੀਪੀ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਨਿੰਦੀ ਸਿੰਘ, ਪਰਦੀਪ ਸਿੰਘ, ਹਰਦੇਵ ਸਿੰਘ, ਬਲਵੀਰ ਸਿੰਘ, ਅਮਰਜੀਤ ਕੌਰ, ਗੁਰਦੀਪ ਸਿੰਘ, ਜਗਜੀਤਸਿੰਘ, ਅਵਤਾਰ ਸਿੰਘ ਆਦਿ ਨੇ ਪੁਲਸ ਪ੍ਸ਼ਾਸਨ ਅਤੇ ਟੋਲ ਪ੍ਬੰਧਕਾਂ ਵਿਰੁੱਧ ਨਾਅਰੇਬਾਜੀ ਕਰਦਿਆਂ ਕਿਹਾ ਕਿ ਟੋਲ ਪ੍ਰਬੰਧਕਾਂ ਵੱਲੋਂ ਵਰਕਰਾਂ ਦੀਆਂ ਜਾਇਜ਼ ਹੱਕੀ ਮੰਗਾ ਨਾ ਮੰਨ ਕੇ ਜਿੱਥੇ ਕਿਰਤ ਕਾਨੂੰਨ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉੱਥੇ ਹੀ ਕੁੱਝ ਦਿਨ ਪਹਿਲਾਂ ਟੋਲ ਕੰਪਨੀ ਦੇ ਮੁਲਾਜ਼ਮਾ ਨੇ ਟੋਲ ਕੂਲੈਕਟ ਕਰਨ ਵਾਲੇ ਵਰਕਰਾਂ ਨੂੰ ਵਾਹਨ ਚਾਲਕਾਂ ਨੂੰ ਮੋੜਨ ਲਈ ਜਾਅਲੀ ਨੋਟ ਦੇ ਕੇ ਚਲਾਉੰਣ ਲਈ ਮਜਬੂਰ ਕਰਦੇ ਰਹੇ ਜੋ ਸਰੇਆਮ ਦੇਸ ਨਾਲ ਧ੍ਰੋਹ ਕਮਾਉੰਣ ਦੇ ਬਰਾਬਰ ਜੁਰਮ ਹੈ। ਜਿਸ ਬਾਬਤ ਯੂਨੀਅਨ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਮਾਮਲੇ ਸਬੰਧੀ ਬਕਾਇਦਾ ਰੂਪ ਵਿੱਚ ਸਬੂਤ ਵੀ ਦਿੱਤੇ ਗਏ ਸਨ। ਯੂਨੀਅਨ ਨੇ ਦੋਸ਼ ਲਗਾਇਆ ਕਿ ਪੁਲਸ ਨੇ ਮਾਮਲੇ ਨੂੰ ਲੈ ਕੇ ਕਾਰਵਾਈ ਕਰਨ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ ਬਲਕਿ ਜਾਅਲੀ ਨਕਲੀ ਨੋਟਾਂ ਦੀ ਚੱਲਤ ਕਰਵਾਉਣ ਵਾਲੇ ਟੋਲ ਪਲਾਜਾ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਅਸਾਨੀ ਨਾਲ ਇੱਥੋਂ ਜਾਣ ਦੇ ਦਿੱਤਾ ਗਿਆ ਜਦੋਂਕਿ ਪੁਲਸ ਪ੍ਰਸ਼ਾਸਨ ਯੂਨੀਅਨ ਨੂੰ ਮਾਮਲੇ ਦੀ ਜਾਂਚ ਚੱਲ ਰਹੀ ਹੈ ਬਾਰੇ ਕਹਿੰਦੀ ਰਹੀ। ਇਸ ਮੌਕੇ ਵਰਕਰਾਂ ਨੇ ਕਿਹਾ ਕਿ ਜਾਅਲੀ ਨੋਟਾਂ ਦੇ ਮਾਮਲੇ ਵਿੱਚ ਜਦੋਂ ਤੱਕ ਪੁਲਸ ਪ੍ਰਸ਼ਾਸਨ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਨਹੀਂ ਕਰਦੀ ਤੇ ਟੋਲ ਮੈਨੇਜਮੈਂਟ ਵੱਲੋੰ ਵਰਕਰ ਯੂਨੀਅਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਧਰਨੇ 'ਤੇ ਡਟੇ ਰਹਿਣਗੇ। ਓਧਰ ਜਾਅਲੀ ਨੋਟਾਂ ਦੇ ਮਾਮਲੇ ਸਬੰਧੀ ਟੋਲ ਪਲਾਜ਼ਾ ਵਰਕਰ ਯੂਨੀਅਨ ਵੱਲੋਂ ਪੁਲਸ ਪ੍ਰਸ਼ਾਸਨ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਮੁੱਖ ਅਫਸਰ ਥਾਣਾ ਭਵਾਨੀਗੜ ਇੰਸਪੈਕਟਰ ਗੁਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਮਾਮਲੇ 'ਚ ਪੂਰੀ ਗੰਭੀਰਤਾ ਦਿਖਾਈ, ਪੁਲਸ ਵੱਲੋਂ ਜਾਂਚ ਲਈ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਸੀ ਪਰ ਵਰਕਰ ਮੌਕੇ 'ਤੇ ਹਾਜ਼ਰ ਨਹੀ ਹੋਏ ਅਤੇ ਹੁਣ ਬਿਨ੍ਹਾਂ ਵਜਾ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ।
ਪੱਕਾ ਮੋਰਚਾ ਲਾ ਕੇ ਬੈਠੇ ਨਾਅਰੇਬਾਜੀ ਕਰਦੇ ਟੋਲ ਪਲਾਜਾ ਵਰਕਰ।