ਸਕਿਉਰਟੀ ਸਟਾਫ ਵੱਲੋਂ ਮੈਨੇਜਮੈੰਟ ਖਿਲਾਫ਼ ਨਾਅਰੇਬਾਜੀ
ਭਵਾਨੀਗੜ੍ਹ, 30 ਸਤੰਬਰ (ਗੁਰਵਿੰਦਰ ਸਿੰਘ) ਪਿੰਡ ਚੰਨੋ ਵਿਖੇ ਇੱਕ ਲਿਮਟਿਡ ਕੰਪਨੀ ਦੇ ਸਕਿਉਰਟੀ ਸਟਾਫ ਵੱਲੋਂ ਅਪਣੀਆਂ ਮੰਗਾਂ ਨੂੰ ਲੈ ਕੰਪਨੀ ਦੀ ਮੈਨੇਜਮੈੰਟ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਸਮੇਂ ਯੂਨੀਅਨ ਦੇ ਪ੍ਧਾਨ ਜਸ਼ਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਕੰਪਨੀ ਪਿਛਲੇ ਕਈ ਸਾਲਾਂ ਤੋਂ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਵਰਕਰਾਂ ਨੂੰ ਪਿਛਲੇ ਚਾਰ ਸਾਲਾਂ ਦਾ ਬੋਨਸ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਸਰਕਾਰ ਵੱਲੋਂ ਡੀਸੀ ਰੇਟਾਂ ਵਿੱਚ ਕੀਤਾ ਵਾਧਾ ਦਿੱਤਾ ਜਾ ਰਿਹਾ ਹੈ। ਹੋਰ ਤਾਂ ਹੋਰ ਕੰਪਨੀ ਮੈਨੇਜਮੈਂਟ ਹੁਣ ਪਿਛਲੇ 15 -16 ਸਾਲਾਂ ਤੋਂ ਕੰਪਨੀ ਵਿੱਚ ਕੰਮ ਕਰਦੇ ਸਕਿਉਰਿਟੀ ਗਾਰਡਜ਼ ਨੂੰ ਨੌਕਰੀ ਤੋਂ ਬਿਨਾਂ ਕਾਰਨ ਦੱਸੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਵਧੀਕੀ ਨੂੰ ਸਿਕਓਰਟੀ ਗਾਰਡ ਬਰਦਾਸ਼ਤ ਨਹੀਂ ਕਰਨਗੇ। ਯੂਨੀਅਨ ਆਗੂ ਨੇ ਦੱਸਿਆ ਕਿ ਕਰਮਚਾਰੀਆਂ ਦੇ ਬਕਾਇਆ ਰਹਿੰਦੇ ਬੋਨਸ ਅਤੇ ਡੀਸੀ ਰੇਟ ਵਿੱਚ ਕੀਤੇ ਵਾਧੇ ਸਮੇਤ ਕੁਝ ਹੋਰ ਮੰਗਾਂ ਦੀ ਪੂਰਤੀ ਲਈ ਕੰਪਨੀ ਨੂੰ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰਤੂੰ 15 ਦਿਨ ਬੀਤ ਜਾਣ ਦੇ ਬਾਵਜੂਦ ਮੈਨੇਜਮੈਂਟ ਨੇ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਕੋਈ ਗੌਰ ਨਹੀਂ ਕੀਤੀ ਜਿਸ ਦੇ ਰੋਸ ਵੱਜੋਂ ਅੱਜ ਯੂਨੀਅਨ ਨੂੰ ਕਰਮਚਾਰੀਆਂ ਦੇ ਹੱਕ ਵਿੱਚ ਤੇ ਮੈਨੇਜਮੈਂਟ ਦੇ ਲਾਪਰਵਾਹ ਵਤੀਰੇ ਦੇ ਵਿਰੋਧ ਵਿੱਚ ਉਤਰਨਾ ਪਿਆ। ਓਧਰ ਜਦੋਂ ਕੰਪਨੀ ਦੇ ਮੈਨੇਜਰ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਆਖਿਆ ਕਿ ਕੰਪਨੀ ਦੇ ਜਨਰਲ ਮੈਨੇਜਰ ਇੱਥੇ ਆਉਣ ਵਾਲੇ ਹਨ ਉਨ੍ਹਾਂ ਨਾਲ ਮਿਲ ਕੇ ਮਸਲੇ ਨੂੰ ਸੁਲਝਾ ਲਿਆ ਜਾਵੇਗਾ। ਇਸ ਸਮੇਂ ਜਸ਼ਨਦੀਪ ਸਿੰਘ ਮੀਤ ਪ੍ਧਾਨ, ਜਗਤਾਰ ਸਿੰਘ ਸਕੱਤਰ, ਨਾਹਰ ਸਿੰਘ ਖਜਾਨਚੀ, ਬਰਖਾ ਸਿੰਘ ਸਕੱਤਰ,ਗੁਰਮੀਤ ਸਿੰਘ ਤੇ ਯੂਨੀਅਨ ਵਰਕਰ ਹਾਜ਼ਰ ਸਨ।

Indo Canadian Post Indo Canadian Post