ਕਾਂਗਰਸ ਨੇ ਬਾਦਲ ਪਰਿਵਾਰ ਨੂੰ ਇਕ ਸਾਜਿਸ਼ ਤਹਿਤ ਕੀਤਾ ਬਦਨਾਮ
ਪੰਜਾਬ ਅਤੇ ਦਿਲੀ ਚ ਗਠਜੋੜ ਤੇ ਨਹੀਂ ਪਵੇਗਾ ਕੋਈ ਅਸਰ :-ਬਾਬੂ ਗਰਗ
ਭਵਾਨੀਗੜ, 30 ਸਤੰਬਰ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਚੋਣਾਂ ਦੌਰਾਨ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਭਾਜਪਾ ਨੂੰ ਉਹ ਸਮਾਂ ਯਾਦ ਕਰਨਾ ਚਾਹੀਦਾ ਹੈ ਜਦੋਂ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਦੋ ਹੀ ਸੰਸਦ ਮੈਂਬਰ ਹੁੰਦੇ ਸਨ ਉਸ ਸਮੇਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਚੱਲਦਾ ਆ ਰਿਹਾ ਹੈ। ਗਰਗ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਨੌਂ ਮਾਸ ਦੇ ਰਿਸ਼ਤੇ ਦੀਆਂ ਤਾਰੀਫਾਂ ਵਿਰੋਧੀ ਪਾਰਟੀਆਂ ਕਰਦੀਆਂ ਸਨ ਪਰ ਹੁਣ ਭਾਜਪਾ ਨੇ ਅਕਾਲੀ ਦਲ ਦਾ ਵਿਸ਼ਵਾਸ ਤੋੜਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਵਿੱਚ ਆਧਾਰ ਨਹੀਂ ਹੈ ਪਰ ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਲੱਗੇਗਾ ਅਤੇ ਅਕਾਲੀ ਦਲ ਆਪਣੇ ਖਾਤੇ ਵਿੱਚ ਆਈਆਂ ਸੀਟਾਂ ਨੂੰ ਭਾਜਪਾ ਦੀ ਝੋਲੀ ਪਾ ਕੇ ਗਠਜੋੜ ਦੀ ਮਰਿਆਦਾ ਨੂੰ ਨਿਭਾਉਂਣ ਤੋ ਪਿੱਛੇ ਨਹੀਂ ਹਟੇਗਾ। ਇੱਕ ਸਵਾਲ ਦੇ ਜਵਾਬ ਵਿੱਚ ਗਰਗ ਨੇ ਕਿਹਾ ਕਿ ਬੇਅਦਬੀ ਕਾਂਡ ਦੀ ਕਲੋਜ਼ਰ ਰਿਪੋਰਟ ਵਿੱਚ ਬਾਦਲ ਪਰਿਵਾਰ ਨੂੰ ਬੇਕਸੂਰ ਪਾਇਆ ਗਿਆ ਹੈ ਜਿਸ ਤੋਂ ਸਪਸ਼ਟ ਹੈ ਕਿ ਚੋਣਾਂ ਦੌਰਾਨ ਕਾਂਗਰਸ ਨੇ ਬਾਦਲ ਪਰਿਵਾਰ ਨੂੰ ਜਾਣਬੁੱਝ ਬਿਨਾਂ ਕਸੂਰ ਤੋਂ ਕਟਹਿਰੇ ਵਿੱਚ ਖੜਾ ਕਰਕੇ ਅਕਾਲੀ ਦਲ ਖਿਲਾਫ਼ ਸਾਜਿਸ਼ ਰਚੀ ਸੀ ਜਿਸ ਦਾ ਸਿਆਸੀ ਲਾਹਾ ਲੈ ਕੇ ਕਾਂਗਰਸ ਸੂਬੇ ਦੀ ਸੱਤਾ 'ਤੇ ਕਾਬਜ ਹੋ ਗਈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਜੌਲੀਆਂ, ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌੰਸਲ, ਸੁਨੀਲ ਮਿੱਤਲ ਆਦਿ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਸੀਪੀਅੈਸ ਪ੍ਕਾਸ਼ ਚੰਦ ਗਰਗ।