ਸ਼ੰਘਰਸ਼ ਕਮੇਟੀ ਨੇ ਵਿਚਾਰੇ ਅਹਿਮ ਮੁੱਦੇ
ਭਵਾਨੀਗੜ੍ਹ, 16 ਅਕਤੂਬਰ (ਗੁਰਵਿੰਦਰ ਸਿੰਘ) ਪਿੰਡ ਘਰਾਚੋਂ ਦੀ ਹਮੀਰ ਪੱਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਰਾਜੇਵਾਲ) ਭਾਕਿਯੂ ਏਕਤਾ (ਡਕੌੰਦਾ) ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਹੋਈ। ਇਸ ਮੌਕੇ ਤਿੰਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਤੇ ਖੇਤਾਂ 'ਚ ਪਰਾਲੀ ਸਾੜਣ ਦੇ ਮੁੱਦੇ ਸਮੇਤ ਸੀਜਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਜਗਦੇਵ ਸਿੰਘ ਘਰਾਚੋੰ ਨੇ ਕਿਹਾ ਕਿ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਕਿਸਾਨ ਕਰਜ਼ਾ ਕੁਰਕੀ ਮੁਆਫੀ ਵਾਅਦੇ ਸਭ ਕਿਸਾਨਾਂ ਲਈ ਜੁਮਲੇਬਾਜੀ ਹੀ ਸਾਬਿਤ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਨਾ ਲਾਉਣ ਦੀ ਅਪੀਲ ਕਰ ਰਹੀ ਹੈ ਲੇਕਿਨ ਇਸ ਦਾ ਬਦਲਵਾ ਢੰਗ ਕਿਸਾਨਾਂ ਨੂੰ ਨਹੀਂ ਸੁਝਾਇਆ ਜਾ ਰਿਹਾ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਰਾਲੀ ਸਾੜਨ ਦੇ ਮੁੱਦੇ 'ਤੇ ਸਰਕਾਰ ਜਾ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨਾਲ ਧੱਕਾ ਕਰਨਗੇ ਤਾਂ ਯੂਨੀਅਨ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਕਿਸਾਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਜੇਕਰ ਉਨ੍ਹਾਂ ਨੂੰ ਮੰਡੀਆਂ ਵਿੱਚ ਅਪਣੀ ਫਸਲ ਵੇਚਣ ਵਿੱਚ ਜਾ ਕਿਸੇ ਕਿਸਮ ਦੀ ਕੋਈ ਹੋਰ ਪ੍ਰੇਸ਼ਾਨੀ ਝੱਲਣੀ ਪਈ ਤਾਂ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਸਰਕਾਰ ਖਿਲਾਫ਼ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ ਤੇ ਨਾ ਹੀ ਵੱਧ ਤੋਲ ਕੇ ਕਿਸਾਨਾਂ ਦੀ ਲੁੱਟ ਕਰਨ ਵਾਲਿਆਂ ਨੂੰ ਬਖਸ਼ਿਆ ਜਾਵੇਗਾ।