ਟਰਾਲੇ ਨੇ ਮਾਰੀ ਟੋਲ ਬੂਥ ਨੂੰ ਟੱਕਰ
ਕਰਮਚਾਰੀ ਵਾਲ ਵਾਲ ਬਚਿਆ
ਭਵਾਨੀਗੜ, 27 ਨਵੰਬਰ (ਗੁਰਵਿੰਦਰ ਸਿੰਘ): ਬੀਤੀ ਰਾਤ ਜੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਪਿੰਡ ਕਾਲਾਝਾੜ ਟੋਲ ਪਲਾਜਾ ਤੋਂ ਲੰਘਦੇ ਹੋਏ ਇੱਕ ਟਰੱਕ ਟਰਾਲੇ ਨੇ ਬੂਥ ਨੂੰ ਟੱਕਰ ਮਾਰ ਦਿੱਤੀ, ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਟੋਲ ਬੂਥ ਸਮੇਤ ਹੋਰ ਕਾਫੀ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ। ਇਸ ਸਬੰਧੀ ਟੋਲ ਮੈਨੇਜਰ ਸੰਦੀਪ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਦੇਰ ਰਾਤ ਕਰੀਬ 10:15 'ਤੇ ਉਸ ਵੇਲੇ ਵਾਪਰਿਆ ਜਦੋਂ ਸੰਗਰੂਰ ਤੋਂ ਪਟਿਆਲਾ ਜਾ ਰਹੇ ਇੱਕ ਟਰੱਕ ਟਰਾਲੇ ਦੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਅਪਣਾ ਟਰੱਕ ਭਾਰੀ ਵਾਹਨਾਂ ਵਾਲੀ ਲੇਨ 'ਚੋਂ ਲੰਘਾਉਣ ਦੀ ਬਜਾਏ ਕਾਰ-ਜੀਪ ਵਾਲੀ ਲੇਨ 'ਚੋਂ ਦੀ ਕੱਢਣ ਲੱਗਾ ਤਾਂ ਟਰਾਲੇ 'ਚ ਭਰੀ ਲੱਕੜ ਜੋ ਟਰਾਲੇ ਦੀ ਬਾਡੀ 'ਚੋ ਬਾਹਰ ਵਧੀ ਹੋਈ ਸੀ, ਟੋਲ ਬੂਥ ਨਾਲ ਟਕਰਾ ਗਈ। ਇਸ ਘਟਨਾ ਦੌਰਾਨ ਬੂਥ 'ਚ ਡਿਊਟੀ ਕਰ ਰਹੇ ਕਰਮਚਾਰੀ ਨੇ ਫੁਰਤੀ ਨਾਲ ਭੱਜ ਕੇ ਅਪਣੀ ਜਾਨ ਬਚਾਈ। ਹਾਲਾਂਕਿ ਹਾਦਸੇ ਦੌਰਾਨ ਟੋਲ ਬੂਥ ਪੂਰੀ ਤਰਾਂ ਨਾਲ ਨੁਕਸਾਨਿਆ ਗਿਆ ਤੇ ਉਸ ਵਿੱਚ ਰੱਖਿਆ ਕੰਪਿਊਟਰ, ਸਕੈਨਰ ਆਦਿ ਹੋਰ ਇਲੈਕਟ੍ਰਾਨਿਕ ਦਾ ਸਮਾਨ ਵੀ ਚਕਨਾਚੂਰ ਹੋ ਗਿਆ। ਟੋਲ ਮੈਨੇਜਰ ਦੇ ਦੱਸਿਆ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਹੋਏ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਟਰੱਕ ਟਰਾਲੇ ਤੇ ਉਸਦੇ ਚਾਲਕ ਨੂੰ ਟੋਲ 'ਤੇ ਹੀ ਰੋਕਿਆ ਗਿਆ ਹੈ।
ਟਰੱਕ ਟਰਾਲੇ ਦੀ ਟੱਕਰ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਟੋਲ ਦਾ ਬੂਥ।