ਕੈਬਨਿਟ ਮੰਤਰੀ ਸਿੰਗਲਾ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪਦਾ ਆਯੋਜਨ
ਕੈਪ ਦੌਰਾਨ 121 ਯੂਨਿਟ ਖੂਨ ਇਕੱਤਰ
ਭਵਾਨੀਗੜ੍ਹ, 1 ਦਸੰਬਰ (ਗੁਰਵਿੰਦਰ ਸਿੰਘ) "ਸੜਕ ਹਾਦਸਿਆਂ ਜਾਂ ਹੋਰ ਦੁਖਾਂਤਕ ਘਟਨਾਵਾਂ ਸਮੇਂ ਜੇ ਪੀੜਤ ਵਿਅਕਤੀਆਂ ਨੂੰ ਸਮੇਂ ਸਿਰ ਖੂਨ ਮਿਲ ਜਾਵੇ ਤਾਂ ਕੀਮਤੀ ਜਾਨ ਬਚਣ ਦੀ ਸੰਭਾਵਨਾ ਕਾਫ਼ੀ ਹੱਦ ਤੱਕ ਵਧ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਦੀ ਇਸ ਵੱਡੀ ਸੇਵਾ ਵਿੱਚ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਕੇ ਨਿਯਮਤ ਤੌਰ 'ਤੇ ਆਪਣਾ ਯੋਗਦਾਨ ਲਾਜ਼ਮੀ ਪਾਉਣਾ ਚਾਹੀਦਾ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਇੱਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮਗਰੋਂ ਕੀਤਾ। ਇਹ ਖੂਨਦਾਨ ਕੈਂਪ ਬਲਾਕ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਖੂਨ ਦੀ ਕਮੀ ਕਾਰਨ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਣ ਵਾਲਿਆਂ ਲਈ ਖੂਨ ਦੀ ਹਰੇਕ ਬੂੰਦ ਜੀਵਨ ਦਾਨ ਹੋ ਨਿਬੜਦੀ ਹੈ ਇਸ ਲਈ ਆਪਣੇ ਆਲੇ ਦੁਆਲੇ ਜਿਥੇ ਹੋਰਨਾਂ ਵਿਅਕਤੀਆਂ ਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਾ ਚਾਹੀਦਾ ਹੈ ਉਥੇ ਹੀ ਸਿਹਤਮੰਦ ਨਾਗਰਿਕਾਂ ਨੂੰ ਖੁਦ ਵੀ ਮਨੁੱਖਤਾ ਦੇ ਭਲੇ ਲਈ ਕਾਰਜਸ਼ੀਲ ਰਹਿਣ ਦੀ ਲੋੜ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੁੰਦਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਸਵੈ ਇੱਛੁਕ ਖੂਨਦਾਨੀ ਵਜੋਂ ਆਪਣਾ ਨਾਮ ਬਲੱਡ ਬੈਂਕ ’ਚ ਜ਼ਰੂਰ ਦਰਜ ਕਰਾਉਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ’ਤੇ ਉਸਦੀਆਂ ਸੇਵਾਵਾਂ ਲਈਆਂ ਜਾ ਸਕਣ। ਸ਼੍ਰੀ ਸਿੰਗਲਾ ਨੇ ਸਮੂਹ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਅਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਖੂਨਦਾਨ ਕਰਨ ਦੀ ਜਾਗਰੂਕਤਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਹਸਪਤਾਲਾਂ ਵਿੱਚ ਖੂਨ ਦੀ ਘਾਟ ਕਾਰਨ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਣ ਵਾਲਿਆਂ ਨੂੰ ਬਚਾਇਆ ਜਾ ਸਕੇ। ਕੈਂਪ ਦੌਰਾਨ 121 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਕੈਬਨਿਟ ਮੰਤਰੀ ਨੇ ਸਨਮਾਨਿਤ ਕੀਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਕੈਪ ਦੌਰਾਨ ਕੈਬਨਿਟ ਮੰਤਰੀ ਸਿੰਗਲਾ ਤੇ ਪਾਰਟੀ ਵਰਕਰ । ।