ਕੂੜਾ ਡੰਪ ਲਈ ਬਣਾਈਆਂ ਪਿਟਾ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ
ਨਗਰ ਕੌਂਸਲ ਕੀਤੀ ਨਾਅਰੇਬਾਜੀ
ਭਵਾਨੀਗੜ੍ਹ, 14 ਦਸੰਬਰ (ਗੁਰਵਿੰਦਰ ਸਿੰਘ)- ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ ਕੂੜਾ ਡੰਪ ਕਰਨ ਲਈ ਬਣਾਈਆਂ ਗਈਆਂ ਪਿਟਾਂ ਵਿੱਚ ਬੀਤੀ ਰਾਤ ਦੋ ਆਵਾਰਾ ਪਸ਼ੂ ਡਿੱਗ ਗਏ ਜਿਸਨੂੰ ਲੈ ਕੇ ਭੜਕੇ ਮੁਹੱਲਾਵਾਸੀਆਂ ਨੇ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਦਰਸ਼ਨ ਸਲਦੀ, ਵਿਜੇਪਾਲ, ਰਾਮ ਧਿਆਨ, ਹਰਦੀਪ ਸਿੰਘ, ਹਰਨਾਮ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਕਾਲਾ ਰਾਮ, ਰਾਜੂ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇੱਥੇ ਬਣਾਈਆਂ ਗਈਆਂ ਪਿਟਾਂ ਲੰਮੇ ਸਮੇਂ ਤੋਂ ਨੰਗੀਆਂ ਪਈਆਂ ਹਨ ਤੇ ਜਿਸ ਵਿੱਚ ਅਚਾਨਕ ਬੀਤੀ ਰਾਤ ਆਵਾਰਾ ਡੰਗਰ ਡਿੱਗ ਪਏ ਜੋ ਪੂਰੀ ਰਾਤ ਕੜਾਕੇ ਦੀ ਠੰਢ ਵਿੱਚ ਇਨ੍ਹਾਂ ਪਿੱਟਾਂ ਵਿੱਚ ਤੜਫਦੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਅਣਢੱਕੀਆਂ ਪਿਟਾਂ ਵਿੱਚ ਵੇਲੇ ਕੁਵੇਲੇ ਕੋਈ ਵੀ ਵਿਅਕਤੀ ਡਿੱਗ ਕੇ ਸੱਟ ਚੋਟ ਖਾ ਸਕਦਾ ਹੈ। ਮੁਹੱਲਾਵਾਸੀਆਂ ਨੇ ਰੋਸ ਜਤਾਉੰਦਿਆ ਆਖਿਆ ਕਿ ਨਗਰ ਕੌਂਸਲ ਨੇ ਹਜ਼ਾਰਾਂ ਰੁਪਏ ਖਰਚ ਕਰਕੇ ਇਹ ਪਿਟਾਂ ਨੂੰ ਬਣਾਇਆ ਹੈ ਪਰੰਤੂ ਬਾਵਜੂਦ ਇਸ ਨੂੰ ਸਹੀ ਢੰਗ ਨਾਲ ਵਰਤੋ ਵਿੱਚ ਨਹੀਂ ਲਿਆਂਦਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਇਸ ਵਿੱਚ ਸੁੱਟੇ ਜਾਂਦੇ ਕੂੜੇ 'ਚੋਂ ਆਉਂਦੀ ਗੰਦੀ ਬਦਬੂ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ਤੇ ਨਾਲ ਹੀ ਭਿਆਕਨ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਲੋਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਗਰ ਕੌੰਸਲ ਵੱਲੋਂ ਮੁਹੱਲਾਵਾਸੀਆਂ ਨੂੰ ਪੇਸ਼ ਆ ਰਹੀ ਇਸ ਪ੍ਰੇਸ਼ਾਨੀ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਸ਼ੰਘਰਸ ਕੀਤਾ ਜਾਵੇਗਾ।
ਨਗਰ ਕੌਂਸਲ ਖਿਲਾਫ਼ ਨਾਅਰੇਬਾਜੀ ਕਰਦੇ ਮੁਹੱਲਾਵਾਸੀ।