ਲਵਾਰਿਸ ਪਸ਼ੂ ਕਾਰਨ ਦੋ ਕਾਰਾਂ 'ਚ ਟੱਕਰ
ਵਾਲ ਵਾਲ ਬਚੇ ਕਾਰ ਸਵਾਰ
ਭਵਾਨੀਗੜ, 24 ਦਸੰਬਰ (ਗੁਰਵਿੰਦਰ ਸਿੰਘ): ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂ ਇਲਾਕੇ 'ਚ ਰੋਜਾਨਾ ਹੀ ਛੋਟੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਪਰੰਤੂ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਸ਼ੂਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ। ਇਸਦੇ ਚਲਦਿਆਂ ਹੀ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 'ਤੇ ਪੈੰਦੇ ਪਿੰਡ ਬਾਲਦ ਕਲਾਂ ਨੇੜੇ ਸੋਮਵਾਰ ਦੇਰ ਸ਼ਾਮ ਪਟਿਆਲਾ ਤੋਂ ਭਵਾਨੀਗੜ ਸ਼ਹਿਰ ਵੱਲ ਨੂੰ ਜਾ ਰਹੀ ਇੱਕ ਕਾਰ ਅੱਗੇ ਲਾਵਾਰਿਸ ਪਸ਼ੂ ਆ ਜਾਣ ਕਰਕੇ ਦੋ ਕਾਰਾਂ ਵਿਚਕਾਰ ਹਾਦਸਾ ਵਾਪਰ ਗਿਆ। ਹਾਲਾਂਕਿ ਖੁਸਕਿਸਮਤੀ ਨਾਲ ਇਸ ਸੜਕ ਹਾਦਸੇ ਵਿੱਚ ਦੋਵੇਂ ਕਾਰਾਂ 'ਚ ਸਵਾਰ ਲੋਕਾਂ ਦਾ ਵਾਲ ਵਾਲ ਬਚਾਅ ਹੋ ਗਿਆ ਪਰਤੂੰ ਵਾਹਨ ਨੁਕਸਾਨੇ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਪੋਲੋ ਗਰਾਊਂਡ 'ਚੋਂ ਖੇਡਕੇ ਆ ਰਹੇ ਮੁਕਤਸਰ ਸਾਹਿਬ ਦੇ ਖਿਡਾਰੀ ਵਿਦਿਆਰਥੀਆਂ ਨਾਲ ਇਨੋਵਾ ਕਾਰ 'ਚ ਸਵਾਰ ਤਰਸੇਮ ਕੁਮਾਰ, ਲਵਪ੍ਰੀਤ ਸਿੰਘ, ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਅੱਜ ਪਟਿਆਲਾ ਤੋਂ ਮੁਕਤਸਰ ਸਾਹਿਬ ਵਾਪਸ ਪਰਤ ਰਹੇ ਸਨ ਕਿ ਭਵਾਨੀਗੜ ਤੋਂ ਪਹਿਲਾਂ ਬਾਲਦ ਕਲਾਂ ਪਿੰਡ ਨੇੜੇ ਉਨ੍ਹਾਂ ਦੀ ਕਾਰ ਦੇ ਅੱਗੇ ਜਾ ਰਹੀ ਇੱਕ ਹੋਰ ਕਾਰ ਦੀ ਟੱਕਰ ਸੜਕ ਵਿਚਕਾਰ ਖੜੇ ਲਾਵਾਰਿਸ ਪਸ਼ੂ ਨਾਲ ਹੋ ਗਈ ਤੇ ਉਨ੍ਹਾਂ ਦੀ ਕਾਰ ਉਸ ਕਾਰ ਦੇ ਪਿੱਛੇ ਜਾ ਟਕਰਾਈ। ਹਾਦਸੇ ਵਿੱਚ ਕਾਰ ਨਾਲ ਟਕਰਾ ਕੇ ਲਾਵਾਰਿਸ ਪਸ਼ੂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਤੇ ਅਗਲੀ ਕਾਰ ਦਾ ਚਾਲਕ ਮੌਕੇ ਤੋਂ ਕਾਰ ਭੱਜਾ ਲੈ ਗਿਆ। ਇਨੋਵਾ ਕਾਰ ਸਵਾਰਾਂ ਨੇ ਦੱਸਿਆ ਕਿ ਭਾਵੇਂ ਹਾਦਸੇ ਵਿੱਚ ਦੋਵੇਂ ਕਾਰਾਂ 'ਚ ਸਵਾਰਾਂ ਨੂੰ ਕੋਈ ਸੱਟਾਂ ਨਹੀ ਲੱਗੀਆਂ ਪਰ ਉਨ੍ਹਾਂ ਦੇ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਘਟਨਾ ਸਥਾਨ 'ਤੇ ਇਕੱਤਰ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਦੀ ਕਾਰਜਗੁਜਾਰੀ 'ਤੇ ਰੋਸ ਜਤਾਉੰਦਿਆ ਕਿਹਾ ਕਿ ਇਲਾਕੇ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਜਿਉਂ ਦੀ ਤਿਉੰ ਬਣੀ ਹੋਈ ਜਿਸਨੂੰ ਹੱਲ ਕਰਨ ਲਈ ਅਧਿਕਾਰੀ ਗੰਭੀਰਤਾ ਨਹੀਂ ਦਿਖਾ ਰਹੇ।
N.H 7 'ਤੇ ਵਾਪਰੇ ਸੜਕ ਹਾਦਸੇ 'ਚ ਨੁਕਸਾਨੀ ਕਾਰ।


Indo Canadian Post Indo Canadian Post