ਲਵਾਰਿਸ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਕਾਰਨ
ਹਫ਼ਤੇ ਦੌਰਾਨ ਵਾਪਰਿਆ ਦੂਜਾ ਹਾਦਸਾ
ਭਵਾਨੀਗੜ, 26 ਦਸੰਬਰ (ਗੁਰਵਿੰਦਰ ਸਿੰਘ): ਇੱਥੇ ਅੱਜ ਸਵੇਰੇ ਨੈਸ਼ਨਲ ਹਾਈਵੇ 'ਤੇ ਸੜਕ ਵਿਚਕਾਰ ਘੁੰਮਦੇ ਇੱਕ ਅਵਾਰਾ ਪਸ਼ੂ ਕਾਰਨ ਕਾਰ ਤੇ ਟਰੱਕ ਦਰਮਿਆਨ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਕਿਸੇ ਵੀ ਵਿਅਕਤੀ ਦੇ ਸੱਟ ਫੇਟ ਲੱਗਣ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਗਾਧਰੀ (ਹਰਿਆਣਾ) ਦੇ ਰਹਿਣ ਵਾਲੇ ਮਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਪਣੇ ਪਿਤਾ ਜੋਗਾ ਸਿੰਘ ਨਾਲ ਵੀਰਵਾਰ ਸਵੇਰੇ ਕੰਮਕਾਜ ਦੇ ਸਿਲਸਿਲੇ ਵਿੱਚ ਅਪਣੀ ਕਾਰ ਵਿੱਚ ਸਵਾਰ ਹੋ ਕੇ ਧੂਰੀ ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਜਦੋਂ ਉਹ ਫੱਗੂਵਾਲਾ ਕੈੰਚੀਆਂ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਅਚਾਨਕ ਇੱਕ ਅਵਾਰਾ ਪਸ਼ੂ ਆ ਗਿਆ ਜਿਸ ਤੋਂ ਬਚਾਅ ਕਰਦਿਆਂ ਉਸਨੇ ਕਾਰ ਦੀ ਬ੍ਰੇਕ ਲਗਾਈ ਤਾਂ ਪਿੱਛੋਂ ਆ ਰਿਹਾ ਇੱਕ ਟਰੱਕ (ਬੰਦ ਕੰਨਟੇਨਰ) ਉਨ੍ਹਾਂ ਦੀ ਕਾਰ ਵਿੱਚ ਆ ਵੱਜਾ। ਇਸ ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਫੇਟ ਤਾਂ ਨਹੀਂ ਲੱਗੀ ਪਰੰਤੂ ਉਨ੍ਹਾਂ ਦੀ ਕਾਰ ਦਾ ਪਿਛਲਾ ਸਾਰਾ ਹਿੱਸਾ ਬੁਰੀ ਤਰਾਂ ਨਾਲ ਤਬਾਹ ਹੋ ਗਿਆ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਦੇਰ ਸ਼ਾਮ ਵੀ ਨੈਸ਼ਨਲ ਹਾਈਵੇ 'ਤੇ ਪਿੰਡ ਬਾਲਦ ਕਲਾਂ ਨੇੜੇ ਕਾਰ ਅੱਗੇ ਲਾਵਾਰਿਸ ਪਸ਼ੂ ਦੇ ਆ ਜਾਣ ਕਰਕੇ ਦੋ ਕਾਰਾਂ ਦੀ ਟੱਕਰ ਹੋ ਗਈ ਸੀ ਤੇ ਅੱਜ ਸਵੇਰੇ ਵੀ ਉਕਤ ਹਾਦਸਾ ਸੜਕ 'ਤੇ ਘੁੰਮਦੇ ਲਾਵਾਰਿਸ ਪਸ਼ੂ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਕੈਚੀਆਂ ਨੇੜੇ ਵਾਪਰੇ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਨੁਕਸਾਨੀ ਕਾਰ ਦਾ ਦ੍ਰਿਸ਼।


Indo Canadian Post Indo Canadian Post