ਅਣਅਧਿਕਾਰਤ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ
- ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ਼ ਪ੍ਰਸ਼ਾਸ਼ਨ ਹੋਇਆ ਸਖ਼ਤ -
ਭਵਾਨੀਗੜ੍ਹ, 29 ਦਸੰਬਰ (ਗੁਰਵਿੰਦਰ ਸਿੰਘ): ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲੇ ਅਣਅਧਿਕਾਰਤ ਟ੍ਰੈਵਲ ਏਜੰਟਾਂ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਐਸਐਸਪੀ ਸੰਗਰੂਰ ਡਾ.ਸੰਦੀਪ ਗਰਗ ਦੇ ਨਿਰਦੇਸ਼ਾਂ ਹੇਠ ਭਵਾਨੀਗੜ੍ਹ ਪੁਲਸ ਵੱਲੋਂ ਸ਼ਹਿਰ ਦੇ ਤਿੰਨ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਸ ਸਬੰਧੀ ਸੰਤੋਖ ਸਿੰਘ ਐੱਸ.ਆਈ ਥਾਣਾ ਭਵਾਨੀਗੜ੍ਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਹਿਰ ਦੇ ਫਰੂਟਫਿਲ, ਫਲਾਈ ਅਬਰੋਡ ਸਮੇਤ ਬ੍ਰਿਟਿਸ਼ ਈ ਨਾਮ ਦੇ ਤਿੰਨ ਟ੍ਰੈਵਲ ਇੰਸਟੀਚਿਊਟ ਅਣਰਜਿਸਟਰਡ ਪਾਏ ਗਏ। ਇਸ ਸਬੰਧੀ ਪੁਲਸ ਨੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਅਕਟ ਅਧੀਨ ਫਰੂਟਫਿਲ ਇੰਸਟੀਚਿਊਟ ਦੇ ਗੁਰਮੀਤ ਸਿੰਘ, ਫਲਾਈ ਅਬਰੋਡ ਦੇ ਗੁਰਮੀਤ ਸਿੰਘ ਤੇ ਬ੍ਰਿਟਿਸ਼ ਈ ਦੇ ਮਾਲਕ ਸਤਨਾਮ ਸਿੰਘ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਮਾਮਲਿਆਂ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਅਸ.ਆਈ ਸੰਤੋਖ ਸਿੰਘ।