ਕਿਸਾਨ 2 ਨੂੰ ਕਰਨਗੇ ਭਵਾਨੀਗੜ ਥਾਣੇ ਦਾ ਘਿਰਾਓ
ਮਾਮਲਾ ਕਿਸਾਨਾਂ 'ਤੇ ਦਰਜ ਹੋਏ ਪਰਚਿਆਂ ਦਾ
ਭਵਾਨੀਗੜ੍ਹ, 30 ਦਸੰਬਰ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਿੰਡ ਫੱਗੂਵਾਲਾ ਵਿਖੇ ਹੋਈ। ਮੀਟਿੰਗ ਦੌਰਾਨ 2 ਜਨਵਰੀ ਨੂੰ ਅਣਮਿੱਥੇ ਸਮੇਂ ਲਈ ਥਾਣਾ ਭਵਾਨੀਗੜ੍ਹ ਦੇ ਕੀਤੇ ਜਾਣ ਵਾਲੇ ਘਿਰਾਓ ਸਬੰਧੀ ਤਿਆਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜਥੇਬੰਦੀ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਆਗੂਆਂ ਨੂੰ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਸੂਬੇ ਭਰ ਵਿੱਚ ਕਿਸਾਨਾਂ ਵਿਰੁੱਧ ਪਰਾਲੀ ਸਾੜਨ 'ਤੇ ਦਰਜ ਕੀਤੇ ਗਏ ਪਰਚਿਆਂ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਵੇਗਾ ਤੇ ਕਿਸਾਨਾਂ ਦੀਆਂ ਜ਼ਬਤ ਕੀਤੀਆਂ ਗਈਆਂ ਕੰਬਾਈਨਾਂ ਤੇ ਹੋਰ ਸਾਧਨਾਂ ਨੂੰ ਵੀ ਛੱਡ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਸ ਭਰੋਸੇ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਇਸਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਪੰਨਵਾਂ 'ਚ ਹੋਈ ਚੋਰੀ ਦੇ ਮਾਮਲੇ ਸਬੰਧੀ ਹਾਲੇ ਤੱਕ ਪੁਲਸ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਜਥੇਬੰਦੀ ਵੱਲੋਂ 2 ਜਨਵਰੀ ਨੂੰ ਭਵਾਨੀਗੜ੍ਹ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਸੰਬੰਧੀ ਕਿਸਾਨਾਂ 'ਤੇ ਕੀਤੇ ਪਰਚਿਆਂ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਵੇ। ਕਿਸਾਨਾਂ ਦੀਆਂ ਜ਼ਬਤ ਕੀਤੀਆਂ ਕੰਬਾਈਨਾਂ ਤੇ ਹੋਰ ਸਾਧਨਾਂ ਨੂੰ ਵਾਪਸ ਕੀਤਾ ਜਾਵੇ ਤੇ ਘਰਾਚੋਂ ਮੰਡੀ ਮੋਰਚੇ ਦੌਰਾਨ ਕਿਸਾਨਾਂ ਉਪਰ ਕੀਤੇ ਪਰਚੇ ਬਿਨਾਂ ਸ਼ਰਤ ਰੱਦ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿੰਦਰ ਸਿੰਘ ਘਰਾਚੋਂ, ਰਘਬੀਰ ਸਿੰਘ ਘਰਾਚੋਂ, ਜੱਸੀ ਨਾਗਰਾ, ਜਸਵੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਆਲੋਅਰਖ, ਨਿਰਭੈ ਸਿੰਘ ਆਲੋਅਰਖ, ਜੋਗਿੰਦਰ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਬਲਿਆਲ, ਜਗਤਾਰ ਸਿੰਘ ਲੱਡੀ ਆਦਿ ਆਗੂ ਹਾਜ਼ਰ ਸਨ।