'ਬੇਟੀ ਬਚਾਓ ਬੇਟੀ ਪੜ੍ਹਾਈ' ਮੁਹਿੰਮ ਵਿੱਚ ਵੱਡਾ ਯੋਗਦਾਨ
ਮਹੰਤ ਸਮਾਜ ਨੇ ਨਵਜੰਮੀ ਬੱਚੀਆਂ ਦੀ ਧੂਮਧਾਮ ਨਾਲ ਮਨਾਈ ਲੋਹੜੀ
ਭਵਾਨੀਗੜ੍ਹ, 13 ਜਨਵਰੀ (ਗੁਰਵਿੰਦਰ ਸਿੰਘ) 'ਬੇਟੀ ਬਚਾਓ ਬੇਟੀ ਪੜ੍ਹਾਈ' ਮੁਹਿੰਮ ਵਿੱਚ ਵੱਡਾ ਯੋਗਦਾਨ ਪਾਉਂਦੇ ਹੋਏ ਮਹੰਤ ਸਮਾਜ ਨੇ ਪਿੰਡ ਘਰਾਚੋਂ ਦੀ ਚਾਂਦ ਪੱਤੀ ਵਿਖੇ ਪਿੰਕੀ ਮਹੰਤ ਦੀ ਅਗਵਾਈ ਵਿੱਚ ਇਲਾਕੇ ਦੀਆਂ 21 ਨਵਜੰਮੀ ਬੱਚੀਆਂ ਦੀ ਪਹਿਲੀ ਲੋਹੜੀ ਧੂਮਧਾਮ ਨਾਲ ਮਨਾਈ। ਇਸ ਮੌਕੇ ਮਹੰਤ ਸਮਾਜ ਵੱਲੋਂ ਜਿੱਥੇ ਲੋਕਾਂ ਨੂੰ ਲੜਕਾ ਲੜਕੀ ਇੱਕ ਬਰਾਬਰ ਹੋਣ ਦਾ ਸੰਦੇਸ਼ ਦਿੱਤਾ ਗਿਆ ਉਥੇ ਹੀ ਪਿੰਡ ਵਾਸੀਆਂ ਨੇ ਮਹੰਤ ਸਮਾਜ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਪਿੰਕੀ ਮਹੰਤ ਨੇ ਕਿਹਾ ਕਿ ਲੋਕ ਲੜਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖਾਂ 'ਚ ਕਤਲ ਕਰ ਦਿੰਦੇ ਹਨ ਜਿਸ ਕਰਕੇ ਸਮਾਜ ਵਿੱਚ ਲੜਕਿਆ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੇਕਰ ਕੁੜੀਆਂ ਹੀ ਨਹੀਂ ਹੋਣਗੀਆਂ ਤਾਂ ਪਰਿਵਾਰਾਂ ਦਾ ਵੰਸ਼ ਅੱਗੇ ਨਹੀਂ ਵਧ ਸਕੇਗਾ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਇੱਕ ਸੰਦੇਸ਼ ਦੇ ਕੇ ਭਰੂਣ ਹੱਤਿਆ ਵਰਗੇ ਪਾਪ ਨੂੰ ਰੋਕਣ ਦੇ ਲਈ ਸਰਕਾਰਾਂ ਵੱਲੋਂ ਚਲਾਈਆ ਜਾ ਰਹੀਆਂ ਮੁਹਿੰਮਾਂ ਨੂੰ ਸਫਲ ਬਣਾਉਣ ਦਾ ਹੋਕਾ ਦਿੱਤਾ ਗਿਆ ਹੈ। ਜਿਸ ਤਹਿਤ ਉਨ੍ਹਾਂ ਨੇ 21 ਨਵਜੰਮੀਆਂ ਬੱਚੀਆਂ ਦੀ ਲੋਹੜੀ ਮੌਕੇ ਪਰਿਵਾਰਾਂ ਨਾਲ ਨੱਚ ਟੱਪ ਕੇ ਖੁਸ਼ੀ ਮਨਾਈ। ਇਸ ਮੌਕੇ ਪ੍ਰੀਤੀ ਮਹੰਤ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਭਵਿੱਖ ਵਿੱਚ ਵੀ ਕੁੜੀਆਂ ਬਚਾਉਣ ਦੇ ਨੇਕ ਕਾਰਜ ਵਿੱਚ ਅਪਣਾ ਯੋਗਦਾਨ ਪਾਉੰਦਾ ਰਹੇਗਾ।
ਲੋਹੜੀ ਮੌਕੇ ਨਵਜੰਮੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੰਦੇ ਪ੍ਰੀਤੀ ਮਹੰਤ।