14 ਸਾਲ ਬਾਅਦ ਦੋ ਬੱਚਿਆਂ ਦੀ ਹਾਜ਼ਰੀ ਚ ਦੁਬਾਰਾ ਕੀਤਾ ਵਿਆਹ
ਮੰਮੀ ਡੈਡੀ ਦੀ ਜੰਨ ਚੜੇ ਜੁਆਕ ਤੇ ਮਾਣਿਆ ਪਾਰਟੀ ਦਾ ਆਨੰਦ
ਭਵਾਨੀਗੜ, 17 ਜਨਵਰੀ (ਗੁਰਵਿੰਦਰ ਸਿੰਘ): ਪੰਜਾਬੀ ਜਿੱਥੇ ਵੀ ਵਸਦੇ ਹੋਣ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਜਿਸ ਦਾ ਸਬੂਤ ਪਿੰਡ ਬਾਲਦ ਖੁਰਦ ਦੇ ਇੱਕ ਨੌਜਵਾਨ ਨੇ ਦਿੱਤਾ। ਵਿਦੇਸ਼ ਜਾਣ ਤੋਂ ਬਾਅਦ ਕੋਈ ਵੀ ਆਪਣੀ ਮਿੱਟੀ ਆਪਣੇ ਪਰਿਵਾਰ, ਆਪਣੇ ਸਭਿਆਚਾਰ ਨੂੰ ਯਾਦ ਨਹੀਂ ਕਰਦਾ ਇੱਥੇ ਕੁਝ ਅਜਿਹੇ ਲੋਕ ਹਨ ਕਿ ਉਨ੍ਹਾਂ ਦੇ ਦਿਲ ਅਤੇ ਦਿਮਾਗ ਵਿੱਚ ਉਨ੍ਹਾਂ ਦੇ ਦੇਸ਼ ਦੀ ਮਿੱਟੀ ਉਨ੍ਹਾਂ ਦੀ ਆਪਣੀ ਸੱਭਿਅਤਾ ਘੁੰਮਦੀ ਰਹਿੰਦੀ ਹੈ। ਅਜਿਹਾ ਹੀ ਇੱਕ ਦਿਲਚਸਪ ਨਜ਼ਾਰਾ ਸਬ-ਡਵੀਜ਼ਨ ਦੇ ਪਿੰਡ ਭਵਾਨੀਗੜ ਬਾਲਦ ਖੁਰਦ ਵਿੱਚ ਵੇਖਣ ਨੂੰ ਮਿਲਿਆ ਜਿਥੇ ਇੱਕ ਅਨਆਰਆਈ ਪਤੀ ਪਤਨੀ ਨੇ ਪੰਜਾਬ ਆ ਕੇ ਪੰਜਾਬੀ ਸੱਭਿਆਚਾਰ ਤੇ ਰੀਤੀ ਰਿਵਾਜਾਂ ਅਨੁਸਾਰ 14 ਸਾਲ ਬਾਅਦ ਅਪਣੇ ਦੋ ਬੱਚਿਆਂ ਦੀ ਹਾਜ਼ਰੀ ਵਿੱਚ ਦੁਬਾਰਾ ਵਿਆਹ ਕਰਵਾਇਆ। ਦਰਅਸਲ ਕਈ ਸਾਲ ਪਹਿਲਾਂ ਉਕਤ ਪਿੰਡ ਤੋਂ ਪੜਾਈ ਕਰਨ ਲਈ ਵੈਨਕੂਵਰ ਸਰੀ ਗਏ ਨੌਜਵਾਨ ਰਾਜੇਸ਼ ਕੁਮਾਰ ਕੌਸ਼ਲ ਦੀ ਮੁਲਾਕਾਤ ਉੱਥੇ ਨਵਾਂ ਸ਼ਹਿਰ ਦੇ ਪਿੰਡ ਬੰਗਾ ਦੀ ਸੀਮਾ ਰਾਣੀ ਨਾਲ ਹੋਈ। ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਤੇ ਵਿਦੇਸ਼ੀ ਰੀਤੀ ਰਿਵਾਜ਼ਾਂ ਨਾਲ ਦੋਵਾਂ ਨੇ ਵਿਆਹ ਦੇ ਬੰਧਨ ਵਿੱਚ ਆਪਣੇ ਆਪ ਨੂੰ ਬੰਨ੍ਹ ਲਿਆ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਸਮੇਂ ਦੋਵਾਂ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਸੀ ਕਿ ਉਹ ਯਕੀਨੀ ਤੌਰ ‘ਤੇ ਪੰਜਾਬ ਮੁੜ ਕੇ ਪੰਜਾਬੀ ਰੀਤੀ ਰੀਵਾਜ਼ ਨਾਲ ਵਿਆਹ ਜ਼ਰੂਰ ਕਰਵਾਉਣਗੇ। ਇਸੇ ਤਹਿਤ ਹੁਣ ਜਦੋਂ ਉਹ ਪੰਜਾਬ ਆਏ ਤਾਂ ਪਰਿਵਾਰਾਂ ਵਿੱਚ ਉਨ੍ਹਾਂ ਦੇ ਵਿਆਹ ਦੀਆਂ ਤਿਆਰੀ ਕੀਤੀਆਂ ਗਈਆਂ ਤੇ ਉਹ ਗਾਜੇ ਵਾਜੇ ਨਾਲ ਰਿਸ਼ਤੇਦਾਰਾਂ ਸਮੇਤ ਸੀਮਾ ਨੂੰ ਵਿਆਹੁਣ ਲਈ ਬਾਰਾਤ ਲੈ ਕੇ ਬੰਗਾ ਗਿਆ ਤੇ ਆ ਕੇ ਪਿੰਡ ਦੇ ਲੋਕਾਂ ਦੋਸਤਾਂ, ਰਿਸ਼ਤੇਦਾਰਾਂ ਲਈ ਰਿਸ਼ੈਪਸ਼ਨ ਪਾਰਟੀ ਦਾ ਵੀ ਪ੍ਰਬੰਧ ਕੀਤਾ। ਰਾਜੇਸ਼ ਤੇ ਸੀਮਾ ਦੇ ਵਿਆਹ ਵਿੱਚ ਉਨ੍ਹਾਂ ਦੇ ਬੱਚਿਆਂ ਨੇ ਵੀ ਖੂਬ ਭੰਗੜੇ ਪਾਏ। ਰਾਜੇਸ਼ ਕੁਮਾਰ ਨੇ ਪੰਜਾਬ ਆ ਕੇ ਵਿਆਹ ਕਰਵਾਉਣ ਦੇ ਅਪਣੇ ਇਸ ਅਨੁਭਵ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਵਿਆਹ ਸਬੰਧੀ ਬੁਲਾਵਾ ਦੇਣ 'ਤੇ ਰਿਸ਼ਤੇਦਾਰਾਂ ਤੇ ਲੋਕਾਂ ਨੇ ਪਹਿਲਾਂ ਇਸ ਸਭ ਨੂੰ ਇੱਕ ਮਜਾਕ ਸਮਝਿਆ ਲੇਕਿਨ ਜਦੋਂ ਉਨ੍ਹਾਂ ਨੇ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਓਧਰ ਇਲਾਕੇ ਵਿੱਚ ਇਸ ਅੈਨਆਰਆਈ ਜੋੜੇ ਵੱਲੋਂ ਕਰਵਾਏ ਗਏ ਅਨੋਖਰ ਵਿਆਹ ਦੀ ਇਲਾਕੇ ਵਿੱਚ ਖੂਬ ਚਰਚਾ ਹੈ।