'ਲਾਭਪਾਤਰੀਆਂ ਨੂੰ ਬਣਦੇ ਹੱਕ ਦਵਾਉਣ ਲਈ ਹਰ ਸ਼ੰਘਰਸ਼ ਲੜਾਂਗੇ'
'ਲਾਭਪਾਤਰੀਆਂ ਨੂੰ ਬਣਦੇ ਹੱਕ ਦਵਾਉਣ ਲਈ ਹਰ ਸ਼ੰਘਰਸ਼ ਲੜਾਂਗੇ'
ਭਵਾਨੀਗੜ, 8 ਫਰਵਰੀ (ਗੁਰਵਿੰਦਰ ਸਿੰਘ): ਪਿੰਡ ਕਾਲਾਝਾੜ ਵਿਖੇ ਉਸਾਰੀ ਮਜ਼ਦੂਰ ਯੂਨੀਅਨ ਪੰਜਾਬ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਵਿੱਚ ਸੈਕੜੇ ਲਾਭਪਾਤਰੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਣਧੀਰ ਸਿੰਘ ਕਾਲਾਝਾੜ ਨੇ ਕਿਹਾ ਕਿ ਲਾਭਪਾਤਰੀਆਂ ਵੱਲੋਂ ਸਾਲ 2018-19 ਦੇ ਵੱਖ ਵੱਖ ਕਲੇਮ ਆਨਲਾਈਨ ਜਮ੍ਹਾਂ ਕਰਵਾਏ ਗਏ ਸਨ ਤੇ ਇਨ੍ਹਾਂ ਕਲੇਮਾਂ ਦੀ ਲਿਸਟ ਏ.ਐੱਲ.ਸੀ. ਸੰਗਰੂਰ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐੱਮ ਸੰਗਰੂਰ ਕੋਲੋਂ ਪਾਸ ਕਰਵਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਭੇਜੀ ਗਈ ਸੀ ਤਾਂ ਜੋ ਲਾਭਪਾਤਰੀਆਂ ਨੂੰ ਬਣਦੀਆਂ ਸਹੂਲਤਾਂ ਮਿਲ ਸਕਣ ਪਰ ਲੇਬਰ ਇੰਸਪੈਕਟਰ ਵੱਲੋਂ ਪਾਸ ਹੋਏ ਡੈੱਥ ਕਲੇਮਾਂ ਨੂੰ ਰੋਕਣ ਲਈ ਗ੍ਰੇਸ ਪੀਰੀਅਡ ਦਾ ਬਹਾਨਾ ਬਣਾਉਂਦਿਆਂ ਇੱਕਲੇ ਲੈਟਰ ਨੰਬਰ ਲਗਾ ਕੇ ਹੀ ਹੈੱਡ ਆਫਿਸ ਨੂੰ ਭੇਜ ਦਿੱਤੇ ਗਏ ਜੋ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੈ। ਕਾਲਾਝਾੜ ਨੇ ਦੱਸਿਆ ਕਿ ਇਸ ਸਬੰਧੀ ਉਸਾਰੀ ਮਜ਼ਦੂਰ ਯੂਨੀਅਨ ਪੰਜਾਬ ਅਤੇ ਸ੍ਰੀ ਵਿਸ਼ਵਕਰਮਾ ਕਾਰਪੇੰਟਰ ਇਮਾਰਤੀ ਪੇਂਟਰ ਯੂਨੀਅਨ ਸੁਨਾਮ ਵੱਲੋਂ ਸਾਂਝੇ ਤੌਰ 'ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਅਰਜ਼ੀ ਦਰਜ ਕਰਵਾਈ ਗਈ ਹੈ ਤਾਂ ਕਿ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਜਲਦ ਤੋਂ ਜਲਦ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਮਿਲ ਸਕਣ। ਮੀਟਿੰਗ ਦੌਰਾਨ ਹੋਰ ਕਈ ਅਹਿਮ ਮੁੱਦਿਆਂ ਸਮੇਤ ਸੰਘਰਸ਼ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਇਸ ਸਮੇਂ ਧਰਮਪਾਲ ਸਿੰਘ ਮਾਝੀ, ਅਵਤਾਰ ਸਿੰਘ ਮੱਟਰਾਂ, ਬਹਾਦਰ ਸਿੰਘ ਕਾਲਾਝਾੜ ਅਤੇ ਹੋਰ ਕਈ ਨੁਮਾਇੰਦਿਆਂ ਵੱਲੋਂ ਅਪਣੇ ਵਿਚਾਰ ਪੇਸ਼ ਕੀਤੇ।
ਮੀਟਿੰਗ ਦੌਰਾਨ ਹਾਜ਼ਰੀਨ।