ਕਾਰ ਤੇ ਬੋਲੇਰੋ 'ਚ ਹਾਦਸਾ
ਵਾਲ ਵਾਲ ਬਚੇ ਸਵਾਰ
ਭਵਾਨੀਗੜ, 15 ਫਰਵਰੀ (ਗੁਰਵਿੰਦਰ ਸਿੰਘ): ਅੱਜ ਦੇਰ ਸ਼ਾਮ ਨਾਭਾ ਕੈਚੀਆਂ ਪੁਲ ਹੇਠ ਇੱਕ ਕਾਰ ਤੇ ਬੋਲੇਰੋ ਗੱਡੀ ਦੀ ਜਬਰਦਸਤ ਟੱਕਰ ਹੋ ਗਈ। ਕਾਰ ਦੀ ਟੱਕਰ ਤੋਂ ਬਾਅਦ ਬੋਲੇਰੋ ਗੱਡੀ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ। ਹਾਦਸੇ ਵਿੱਚ ਬੋਲੇਰੋ ਸਵਾਰ ਤਿੰਨ ਲੋਕਾਂ ਦਾ ਵਾਲ ਵਾਲ ਬਚਾਅ ਹੋ ਗਿਆ ਜਦੋਂਕਿ ਕਾਰ ਦਾ ਅਗਲਾ ਹਿੱਸਾ ਵੀ ਨੁਕਸਾਨਿਆ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਭਵਾਨੀਗੜ ਸ਼ਹਿਰ ਵਿਖੇ ਅਪਣੀ ਰਿਸ਼ਤੇਦਾਰੀ 'ਚ ਮਿਲਣ ਆਏ ਬੋਲੇਰੋ ਚਾਲਕ ਗਗਨਦੀਪ ਸਿੰਘ ਵਾਸੀ ਬਾਉਪੁਰ (ਚੀਕਾ) ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਜਦੋਂ ਉਹ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਜਾ ਰਹੇ ਸਨ ਤਾਂ ਇੱਥੇ ਪਿੰਡ ਬਾਲਦ ਕੋਠੀ ਨੇੜੇ ਪੁੱਲ ਨੀਚੋੰ ਲੰਘਦੇ ਹੋਏ ਨਾਭਾ ਸਾਇਡ ਤੋਂ ਆਉਦੀ ਇੱਕ ਤੇਜ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੱਡੀ ਤੋਂ ਅਪਣਾ ਸੰਤੁਲਨ ਗਵਾ ਬੈਠਾ ਤੇ ਉਨ੍ਹਾਂ ਦੀ ਗੱਡੀ ਬੇਕਾਬੂ ਹੁੰਦੇ ਹੋਏ ਸੜਕ ਵਿਚਕਾਰ ਪਲਟ ਗਈ। ਬੋਲੇਰੋ ਚਾਲਕ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਨਾਲ ਪਰਿਵਾਰਕ ਮੈੰਬਰ ਵੀ ਸਨ ਜਿਨ੍ਹਾਂ ਨੂੰ ਕੋਈ ਸੱਟ ਚੋਟ ਲੱਗਣ ਤੋਂ ਬਚਾਅ ਰਹਿ ਗਿਆ। ਓਧਰ ਹਾਦਸੇ ਉਪਰੰਤ ਕਾਰ ਚਾਲਕ ਅਪਣੀ ਗੱਡੀ ਲਾਕ ਕਰਕੇ ਮੌਕੇ ਤੋਂ ਖਿਸਕ ਗਿਆ। ਹਾਦਸੇ ਸਬੰਧੀ ਸੂਚਨਾ ਮਿਲਦਿਆਂ ਹੀ ਹਾਈਵੇ ਪੈਟਰੋਲਿੰਗ ਪੁਲਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਨੂੰ ਸੁਚਾਰੂ ਕੀਤਾ। ਘਟਨਾ ਸਥਾਨ 'ਤੇ ਇਕੱਤਰ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਪਲਟੀ ਗੱਡੀ ਜੇਕਰ ਸੜਕ ਕਿਨਾਰੇ ਖੜੀਆਂ ਰੇਹੜੀਆਂ ਉਪਰ ਜਾ ਪਲਟਦੀ ਤਾਂ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ।
ਹਾਦਸੇ 'ਚ ਨੁਕਸਾਨੀ ਕਾਰ, ਸੜਕ 'ਤੇ ਪਲਟੀ ਬੋਲੇਰੋ ਗੱਡੀ।