ਕਿਸਾਨਾਂ ਨੂੰ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਪਹੁੰਚਣ ਦੀ ਕੀਤੀ ਅਪੀਲ
ਭਵਾਨੀਗੜ੍ਹ, 18 ਫਰਵਰੀ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਬਲਾਕ ਪੱਧਰੀ ਮੀਟਿੰਗ ਦਰਬਾਰਾ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਭਾਗ ਲਿਆ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਡੀ ਸਿਸਟਮ ਤਹਿਤ ਸਰਕਾਰੀ ਖਰੀਦ ਬੰਦ ਕਰਨ ਦੇ ਕੇੰਦਰ ਸਰਕਾਰ ਦੇ ਫੈਸਲੇ ਨਾਲ ਕਿਸਾਨ ਬਿਲਕੁੱਲ ਤਬਾਹ ਹੋ ਜਾਵੇਗਾ। ਪ੍ਰਾਇਵੇਟ ਸੈਕਟਰ ਵੱਲੋਂ ਕਿਸਾਨ ਨੂੰ ਕਣਕ ਤੇ ਝੋਨੇ ਦਾ ਬਣਦਾ ਮੁੱਲ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਤੇ ਹੁਣ ਅਜਿਹੇ ਫੈਸਲਿਆ ਨਾਲ ਨਾ ਸਿਰਫ ਕਿਸਾਨੀ ਬਲਕਿ ਆੜਤੀ, ਮੁਨੀਮ ਤੇ ਮਜਦੂਰ ਬਿੱਲਕੁੱਲ ਹੀ ਵਿਹਲੇ ਹੋ ਜਾਣਗੇ। ਕਪਿਆਲ ਨੇ ਕਿਸਾਨਾਂ ਨੂੰ ਮੰਡੀ ਸਿਸਟਮ ਨੂੰ ਚਾਲੂ ਰੱਖਣ ਦੀ ਮੰਗ ਨੂੰ ਲੇੈ 24 ਫਰਵਰੀ ਨੂੰ ਚੰਡੀਗੜ੍ਹ ਵਿਖੇ ਰੱਖੇ ਗਏ ਵਿਸ਼ਾਲ ਇੱਕਠ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਲੌਂਗੋਵਾਲ ਵਿਖੇ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ 'ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਮੀਟਿੰਗ ਵਿੱਚ ਕਸ਼ਮੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਭਰਪੂਰ ਸਿੰਘ ਯੂਥ ਆਗੂ, ਮਾਲਵਿੰਦਰ ਸਿੰਘ, ਕੁਲਤਾਰ ਸਿੰਘ ਘਰਾਚੋਂ, ਕੁਲਜੀਤ ਸਿੰਘ ਨਾਗਰਾ, ਅਜਮੇਰ ਸਿੰਘ ਅਾਲੋਅਰਖ, ਮੇਵਾ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ਼, ਸੁਖਦੇਵ ਸਿੰਘ, ਜਸਵੰਤ ਸਿੰਘ,ਸੋਹਣ ਸਿੰਘ ਘਰਾਚੋਂ, ਨਰਿੰਦਰ ਸਿੰਘ ਘਰਾਚੋਂ, ਜਨਕ ਸਿੰਘ ਕਪਿਆਲ, ਗੁਰਦੀਪ ਸਿੰਘ, ਛੱਜੂ ਸਿੰਘ ਬਿਜਲਪੁਰ ਆਦਿ ਕਿਸਾਨ ਹਾਜਰ ਸਨ।
ਮੀਟਿੰਗ ਦੌਰਾਨ ਹਾਜ਼ਰ ਕਿਸਾਨ।