ਸਰਕਲ ਜਥੇਦਾਰਾਂ ਦੀ ਚੋਣ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ
ਰੰਧਾਵਾ ਭਵਾਨੀਗੜ, ਕਾਕੜਾ ਨੂੰ ਘਰਾਚੋਂ, ਕਾਲਾਝਾੜ ਨੂੰ ਨਦਾਮਪੁਰ ਸਰਕਲ ਦਾ ਬਣਾਇਆ ਜਥੇਦਾਰ
ਭਵਾਨੀਗੜ, 6 ਮਾਰਚ (ਗੁਰਵਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸੰਗਰੂਰ ਦੇ ਛੇ ਸਰਕਲ ਜਥੇਦਾਰਾਂ ਦੀ ਚੋਣ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸਾਬਕਾ ਕੈਬਨਿਟ ਮੰਤਰੀ ਤੇ ਸੰਗਰੂਰ ਬਰਨਾਲਾ ਹਲਕਾ ਦੇ ਅਬਜਰਵਰ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਗੂ ਤੇ ਵਰਕਰ ਪਹੁੰਚੇ। ਇਸ ਮੌਕੇ ਰੁਪਿੰਦਰ ਸਿੰਘ ਹੈਪੀ ਰੰਧਾਵਾ ਸਰਕਲ ਭਵਾਨੀਗੜ, ਰਵਜਿੰਦਰ ਸਿੰਘ ਕਾਕੜਾ ਨੂੰ ਘਰਾਚੋਂ, ਹਰਦੇਵ ਸਿੰਘ ਕਾਲਾਝਾੜ ਨੂੰ ਨਦਾਮਪੁਰ ਸਰਕਲ ਦਾ ਜਥੇਦਾਰ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸੰਗਰੂਰ ਸਰਕਲ ਤੋਂ ਵੀ ਤਿੰਨ ਜਥੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਨਵ-ਨਿਯੁੱਕਤ ਸਰਕਲ ਜਥੇਦਾਰਾਂ ਨੂੰ ਵਧਾਈ ਦਿੱਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲੂਕਾ ਨੇ ਆਖਿਆ ਕਿ ਢੀਂਡਸਾ ਪਿਉ-ਪੁੱਤ ਨੇ ਜਿਨ੍ਹਾਂ ਜੋਰ ਅਪਣੀ ਰੈਲੀ 'ਚ ਇਕੱਠ ਕਰਨ ਲਈ ਲਾਇਆ ਜੇਕਰ ਇਨ੍ਹੀ ਮਿਹਨਤ ਉਹ ਚੋਣਾਂ ਸਮੇਂ ਕਰ ਲੈੰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਢੀਂਡਸਿਆਂ ਨੇ ਸੰਗਰੂਰ ਰੈਲੀ ਨੂੰ ਕਾਮਯਾਬ ਕਰਨ ਕੀ ਕੀ ਹੱਥਕੰਡੇ ਨਹੀਂ ਅਪਣਾਏ ਤੇ ਉਨ੍ਹਾਂ ਲੋਕਾਂ ਦੀਆਂ ਵੀ ਘਰ ਜਾ ਕੇ ਤਰਲੇ ਮਿੰਨਤਾਂ ਕੀਤੀਆਂ ਜਿੱਥੇ ਨਹੀਂ ਵੀ ਜਾਣਾ ਚਾਹੀਦਾ ਸੀ ਪਰ ਫਿਰ ਵੀ ਅਕਾਲੀ ਦਲ ਦੀ ਰੈਲੀ ਦੇ ਮੁਕਾਬਲੇ ਉਹ ਲੋਕਾਂ ਦਾ ਅੱਧਾ ਇਕੱਠ ਵੀ ਨਾ ਕਰ ਸਕੇ। ਮਲੂਕਾ ਨੇ ਕਿਹਾ ਕਿ ਹੁਣ ਢੀਂਡਸਾ ਪਿਓ-ਪੁੱਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਪਣੀ ਮਾਂ ਪਾਰਟੀ ਤੋਂ ਅਲੱਗ ਹੋ ਕੇ ਕੋਈ ਵਿਅਕਤੀ ਕਾਮਯਾਬ ਨਹੀਂ ਹੋ ਸਕਿਆ। ਮਲੂਕਾ ਨੇ ਕਿਹਾ ਕਿ ਪਾਰਟੀ 'ਚੋਂ ਨਕਾਰੇ ਜਾਂ ਕੰਡਮ ਹੋ ਚੁੱਕੇ ਵਿਅਕਤੀ ਹੀ ਢੀਂਡਸਿਆਂ ਨਾਲ ਜਾ ਰਹੇ ਹਨ ਜਿਸ ਨਾਲ ਅਕਾਲੀ ਦਲ ਨੂੰ ਭੋਰਾ ਵੀ ਫਰਕ ਨਹੀਂ ਪਵੇਗਾ।
ਚੋਣ ਮੌਕੇ ਹਾਜ਼ਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਪਾਰਟੀ ਦੇ ਹੋਰ ਆਗੂ।