ਸੜਕ ਕਿਨਾਰੇ ਗਰਿਲਾਂ ਨਾਲ ਟਕਰਾਈ ਬੇਕਾਬੂ ਜੀਪ
ਭਵਾਨੀਗੜ, 12 ਮਾਰਚ (ਗੁਰਵਿੰਦਰ ਸਿੰਘ): ਇੱਥੇ ਬਿਜਲੀ ਦਫ਼ਤਰ ਨੇੜੇ ਮੁੱਖ ਮਾਰਗ 'ਤੇ ਟਰੱਕ ਦੀ ਫੇਟ ਲੱਗਣ ਕਾਰਨ ਇੱਕ ਯੂਟੀਲਿਟੀ ਜੀਪ ਬੇਕਾਬੂ ਹੋ ਕੇ ਸੜਕ ਕਿਨਾਰੇ ਗਰਿਲਾਂ ਨਾਲ ਜਾ ਟਕਰਾਈ। ਹਾਦਸੇ ਵਿੱਚ ਜੀਪ ਦਾ ਚਾਲਕ ਜਖਮੀ ਹੋ ਗਿਆ ਜਦੋਂਕਿ ਸਹਾਇਕ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਯੂਟੀਲਿਟੀ ਜੀਪ ਦੇ ਚਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਬੜੂ ਸਾਹਿਬ ਤੋਂ ਚੀਮਾ ਮੰਡੀ ਲਈ ਚੱਲਿਆ ਸੀ ਤਾਂ ਅੱਜ ਤੜਕੇ ਕਰੀਬ ਚਾਰ ਕੁ ਵਜੇ ਭਵਾਨੀਗੜ ਸ਼ਹਿਰ 'ਚੋਂ ਲੰਘਦੇ ਹੋਏ ਇੱਕ ਟਰੱਕ ਨੇ ਉਨ੍ਹਾਂ ਦੀ ਜੀਪ ਨੂੰ ਅਚਾਨਕ ਕੱਟ ਮਾਰ ਦਿੱਤਾ ਜਿਸ ਕਾਰਨ ਉਹ ਗੱਡੀ ਤੋਂ ਅਪਣਾ ਸੰਤੁਲਨ ਗਵਾ ਬੈਠਾ ਤੇ ਗੱਡੀ ਫੁੱਟਪਾਥ 'ਤੇ ਚੜ ਕੇ ਸੜਕ ਕਿਨਾਰੇ ਲੱਗੀ ਲੋਹੇ ਦੀਆਂ ਗਰਿਲਾਂ ਨਾਲ ਟਕਰਾ ਗਈ। ਇਸ ਹਾਦਸੇ 'ਚ ਉਸਦੇ ਨਾਲ ਬੈਠੇ ਸਹਾਇਕ ਸੁਖਦੇਵ ਸਿੰਘ ਦਾ ਸੱਟ ਫੇਟ ਤੋਂ ਬਚਾਅ ਹੋ ਗਿਅਾ ਪਰ ਉਸਨੂੰ ਸਿਰ 'ਤੇ ਗੰਭੀਰ ਸੱਟਾ ਲੱਗਣ ਕਾਰਣ ਜਖਮੀ ਹੋ ਗਿਆ ਤੇ ਗੱਡੀ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਜਖ਼ਮੀ ਹਾਲਤ ਵਿੱਚ ਮੌਕੇ 'ਤੇ ਅੈਬੂਲੈੰਸ ਰਾਹੀਂ ਪਰਮਿੰਦਰ ਸਿੰਘ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਇਲਾਜ ਉਪਰੰਤ ਉਸਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ। ਚਾਲਕ ਨੇ ਦੱਸਿਆ ਕਿ ਹਸਪਤਾਲ 'ਚੋਂ ਜਦੋਂ ਉਹ ਦੁਪਹਿਰ ਸਮੇਂ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ ਤਾਂ ਉਨ੍ਹਾਂ ਦੇ ਜੁੱਤੇ ਅਤੇ ਗੱਡੀ ਦੇ ਕਾਗਜਾਤ ਆਦਿ ਸਮਾਨ ਗਾਇਬ ਸੀ।
ਹਾਈਵੇ 'ਤੇ ਹਾਦਸੇ ਦਾ ਸ਼ਿਕਾਰ ਹੋਈ ਜੀਪ।