'ਜਨਤਾ ਕਰਫਿਊ'
ਉਲੰਘਣਾ ਕਰਦੇ ਵਾਹਨ ਪੁਲਸ ਨੇ ਕੀਤੇ 'ਬੰਦ'
ਭਵਾਨੀਗੜ, 22 ਮਾਰਚ (ਗੁਰਵਿੰਦਰ ਸਿੰਘ): ਦੇਸ਼ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੈਤਵਾਰ ਨੂੰ 'ਜਨਤਾ ਕਰਫਿਊ' ਦੇ ਕੀਤੇ ਅੈਲਾਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਉੱਥੇ ਹੀ ਕਰਫਿਊ ਦੌਰਾਨ ਉਲੰਘਣਾ ਕਰਕੇ ਸੜਕਾਂ 'ਤੇ ਚੱਲ ਰਹੇ ਟਰੱਕ, ਟੈੰਪੂ ਤੇ ਭਾਰੀ ਵਾਹਨਾਂ ਖਿਲਾਫ਼ ਪੁਲਸ ਨੇ ਨੈਸ਼ਨਲ ਹਾਈਵੇ 'ਤੇ ਵਿਸ਼ੇਸ਼ ਨਾਕੇਬੰਦੀ ਕਰਦਿਆਂ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜਾਤ ਅਪਣੇ ਕਬਜੇ ਵਿੱਚ ਲੈ ਕੇ ਆਰਜੀ ਤੌਰ 'ਤੇ ਬੰਦ ਕਰ ਦਿੱਤਾ। ਇਸ ਸਬੰਧੀ ਟਰੈਫਿਕ ਇੰਚਾਰਜ ਏਅੈੱਸਆਈ ਸਾਹਿਬ ਸਿੰਘ ਧਨੋਆ ਨੇ ਦੱਸਿਆ ਕਿ 'ਜਨਤਾ ਕਰਫਿਊ' ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਲਈ ਜਿਲ੍ਹਾ ਪੁਲਸ ਵੱਲੋਂ ਸਖਤੀ ਨਾਲ ਕਦਮ ਚੁੱਕੇ ਜਾ ਰਹੇ ਹਨ ਜਿਸ ਤਹਿਤ ਅੈਤਵਾਰ ਨੂੰ ਪੁਲਸ ਨੇ ਸੜਕ 'ਤੇ ਉਲੰਘਣਾ ਕਰਕੇ ਚੱਲ ਰਹੇ ਕਰੀਬ 25 ਛੋਟੇ ਵੱਡੇ ਵਾਹਨਾਂ ਖਿਲਾਫ਼ ਕਾਰਵਾਈ ਕੀਤੀ ਗਈ। ਅੈੱਸ.ਆਈ. ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਇਹ ਜਨਤਾ ਕਰਫਿਊ ਲੋਕ ਹਿਤਾਂ ਦੇ ਲਈ ਕੋਰੋਨਾ ਵਾਇਰਸ ਦੇ ਪ੍ਕੋਪ ਤੋਂ ਬਚਾਉਣ ਲਈ ਲਗਾਇਆ ਗਿਆ ਹੈ ਇਸ ਲਈ ਜਨਤਾ ਦਾ ਵੀ ਫਰਜ ਬਣਦਾ ਹੈ ਕਿ ਇਸ ਦੀ ਹਰ ਹਾਲ ਵਿੱਚ ਪਾਲਣਾ ਕਰਕੇ ਸਰਕਾਰ ਨੂੰ ਸਹਿਯੋਗ ਦਿੱਤਾ ਜਾਵੇ।
ਵਾਹਨਾਂ ਖਿਲਾਫ਼ ਕਾਰਵਾਈ ਕਰਦੇ ਪੁਲਸ ਮੁਲਾਜ਼ਮ।


Indo Canadian Post Indo Canadian Post