ਪ੍ਸ਼ਾਸਨ ਨੇ ਲੋਕਾਂ ਨੂੰ ਵਾਜਬ ਰੇਟਾਂ 'ਤੇ ਦਿੱਤਾ ਰਾਸ਼ਨ
ਚਾਹ ਪੱਤੀ, ਅਾਟਾ, ਚਨਾ ਦਾਲ, ਅਾਲੂ ਪਿਆਜ਼, ਨਮਕ ਵਾਜਬ ਰੇਟਾਂ ਤੇ ਵੰਡੇ
ਭਵਾਨੀਗੜ, 25 ਮਾਰਚ (ਗੁਰਵਿੰਦਰ ਸਿੰਘ): ਸੂਬੇ 'ਚ ਲੱਗੇ ਕਰਫਿਊ ਤੋਂ ਬਾਅਦ ਬਣੇ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਭਵਾਨੀਗੜ ਸਬ-ਡਵੀਜ਼ਨ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਅੈੱਸਡੀਅੈਮ ਡਾ.ਅੰਕੁਰ ਮਹਿੰਦਰੂ ਦੀ ਅਗਵਾਈ ਹੇਠ ਸ਼ਹਿਰ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣ ਦੇ ਲਈ ਫੂਡ ਸਪਲਾਈ ਵਿਭਾਗ ਵੱਲੋਂ ਤਹਿਸੀਲਦਾਰ ਭਵਾਨੀਗੜ ਗੁਰਲੀਨ ਕੌਰ ਦੀ ਨਿਗਰਾਨੀ ਹੇਠ ਰਾਸ਼ਨ ਦੇ ਟਰੱਕ ਰਵਾਨਾ ਕੀਤੇ ਗਏ। ਇਸ ਮੌਕੇ ਤਹਿਸੀਲਦਾਰ ਗੁਰਲੀਨ ਕੌਰ ਅਤੇ ਫੂਡ ਸਪਲਾਈ ਦੇ ਇੰਸਪੈਕਟਰ ਮਾਨਕ ਸੋਢੀ ਨੇ ਦੱਸਿਆ ਕਿ ਕਰਫਿਊ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਾਮ ਲੋਕਾਂ ਨੂੰ ਰਾਸ਼ਨ ਦੇ ਰੂਪ ਵਿੱਚ ਚਾਹ ਪੱਤੀ, ਅਾਟਾ, ਚਨਾ ਦਾਲ, ਅਾਲੂ ਪਿਆਜ਼, ਨਮਕ ਵਾਜਬ ਰੇਟਾਂ ਦੇ ਉੱਪਰ ਅੱਜ ਸ਼ਹਿਰ ਦੀ ਤੂਰ ਪੱਤੀ, ਨੀਲਕੰਠ ਕਲੋਨੀ ਸਮੇਤ ਬਖੋਪੀਰ ਰੋਡ 'ਤੇ ਘਰ-ਘਰ ਜਾ ਕੇ ਮਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕਰਫ਼ਿਊ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ ਦੇ ਤਹਿਤ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲ਼ੇ ਦਿਨਾਂ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਵੀ ਰਾਸ਼ਨ ਭੇਜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਮਾਰਕਿਟ ਕਮੇਟੀ ਭਵਾਨੀਗੜ ਦਾ ਸਮੂਹ ਸਟਾਫ ਹਾਜ਼ਰ ਸੀ।
ਰਾਸ਼ਨ ਰਵਾਨਾ ਕਰਦੇ ਹੋਏ ਤਹਿਸੀਲਦਾਰ ਤੇ ਹੋਰ ਅਧਿਕਾਰੀ।