ਕੋਰੋਨਾ ਦਾ ਅਸਰ
ਨਰਾਤਿਆਂ 'ਚ ਸੁੰਨਸਾਨ ਰਹੇ ਮੰਦਰਾਂ ,ਦੁਰਗਾ ਅਸ਼ਟਮੀ ਮੌਕੇ ਵੀ ਬੰਦ ਰਹਿਣਗੇ ਕਪਾਟ
ਭਵਾਨੀਗੜ, 31 ਮਾਰਚ (ਗੁਰਵਿੰਦਰ ਸਿੰਘ): ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਨੂੰ ਲਾਕ-ਡਾਊਨ ਕੀਤਾ ਗਿਆ ਹੈ ਤੇ ਪੰਜਾਬ 'ਚ ਕਰਫਿਊ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜਿੱਥੇ ਗਲੀ-ਮੁਹੱਲਿਆਂ ਸਮੇਤ ਸੜਕਾਂ ਵਿਰਾਨ ਦਿਖ ਰਹੀਆਂ ਹਨ ਉੱਥੇ ਹੀ ਮੰਦਰਾਂ ਵਿੱਚ ਵੀ ਸੰਨਾਟਾ ਛਾਇਆ ਹੋਇਆ ਹੈ। ਚੇਤ ਦੇ ਨਰਾਤਿਆਂ ਦੀ ਸ਼ੁਰੂਅਾਤ ਬੁੱਧਵਾਰ ਨੂੰ ਹੋ ਗਈ ਸੀ ਤੇ ਇਸ ਦੌਰਾਨ ਹਰ ਵਾਰ ਮੰਦਰਾਂ ਵਿੱਚ ਮਾਤਾ ਦੇ ਭਗਤਾਂ ਦੀ ਭਾਰੀ ਭੀੜ ਸਵੇਰੇ ਹੀ ਇਕੱਠੀ ਹੋ ਜਾਂਦੀ ਸੀ, ਸ਼ਰਧਾਲੂਆਂ ਵੱਲੋ ਨਰਾਤਿਆਂ ਦੇ ਦਿਨਾਂ 'ਚ ਮਹਾਂਮਾਈ ਦੀਆਂ ਜੋਤਾਂ ਵੀ ਲਗਾਈਆਂ ਜਾਂਦੀਆ ਸਨ, ਪਰ ਇਸ ਵਾਰ ਕੋਰੋਨਾ ਬਿਮਾਰੀ ਦੀ ਮਹਾਮਾਰੀ ਫੈਲਣ ਕਰਕੇ ਸਾਰੇ ਮੰਦਰਾਂ ਦੇ ਕਪਾਟ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ, ਜਿਸ ਕਰਕੇ ਨਰਾਤਿਆਂ ਮੌਕੇ ਵੀ ਸ਼ਹਿਰ ਦੇ ਮੰਦਰਾਂ ਵਿੱਚ ਰੋਣਕ ਦੇਖਣ ਨੂੰ ਨਹੀਂ ਮਿਲੀ। ਜਿਸ ਕਰਕੇ ਇੱਥੇ ਪ੍ਰਾਚੀਨ ਸ਼ਿਵ ਮੰਦਰ, ਭਵਾਨੀ ਮਾਤਾ ਮੰਦਰ ਅਤੇ ਮਾਤਾ ਕਾਲੀ ਦੇਵੀ ਮੰਦਰ ਵਿਖੇ ਸੰਨਾਟਾ ਪਸਰਿਆ ਰਿਹਾ। ਇਹੀ ਨਹੀਂ ਦੁਰਗਾ ਅਸ਼ਟਮੀ ਮੌਕੇ ਸ਼ਹਿਰ ਦੇ ਇਤਿਹਾਸਕ ਭਵਾਨੀ ਮਾਤਾ ਮੰਦਰ 'ਤੇ ਭਰਨ ਵਾਲੇ ਵੱਡੇ ਮੇਲੇ ਨੂੰ ਵੀ ਪ੍ਰਬੰਧਕਾਂ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆ ਟਾਲ ਦਿੱਤਾ ਗਿਆ ਹੈ, ਜਿਸਨੂੰ ਲੈ ਕੇ ਸਥਾਨਕ ਲੋਕ ਨਿਰਾਸ਼ ਦਿਖਾਈ ਦੇ ਰਹੇ ਹਨ ਪਰੰਤੂ ਕੋਰੋਨਾ ਬਿਮਾਰੀ ਦੇ ਰੂਪ ਵਿੱਚ ਦੁਨੀਆਂ 'ਤੇ ਆਏ ਇਸ ਵੱਡੇ ਸੰਕਟ ਨੂੰ ਟਾਲਣ ਦੇ ਲਈ ਲੋਕ ਇੱਕ ਦੂਜੇ ਨੂੰ ਸਰਕਾਰਾਂ ਦਾ ਸਾਥ ਦੇਣ ਦੀ ਵੀ ਅਪੀਲ ਕਰ ਰਹੇ ਹਨ। ਉੱਥੇ ਹੀ ਲੋਕ ਅਪਣੇ-ਅਪਣੇ ਘਰਾਂ 'ਚ ਪੂਜਾ ਪਾਠ ਕਰਕੇ ਦੁਰਗਾ ਮਾਤਾ ਤੋਂ ਦੁਨੀਆ ਨੂੰ ਇਸ ਸੰਕਟ 'ਚੋ ਕੱਢਣ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਸਬੰਧੀ ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ ਦੇ ਪੁਜਾਰੀ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਕਿਹਾ ਕਿ ਵੈਸੇ ਤਾਂ ਮੰਦਿਰ 'ਚ ਭਗਤਾਂ ਦੀ ਭੀੜ ਰੋਜ਼ਾਨਾ ਹੀ ਹੁੰਦੀ ਸੀ, ਪਰ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਸਰਕਾਰ ਵਲੋਂ 22 ਮਾਰਚ ਦੇ ਲਾਕ-ਡਾਊਨ ਵਾਲੇ ਦਿਨ ਤੋਂ ਹੀ ਮੰਦਰਾਂ ਦੇ ਕਪਾਟ ਭਗਤਾਂ ਲਈ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਨਰਾਤਿਆਂ ਦੇ ਦਿਨਾਂ ਵਿਚ ਵੀ ਮੰਦਰਾਂ ਦੇ ਕਪਾਟ ਭਗਤਾਂ ਲਈ ਬੰਦ ਰਹੇ ਅਤੇ ਭਗਤਾਂ ਨੂੰ ਅਪਣੇ ਘਰ ਵਿਚ ਹੀ ਰਹਿੰਦੇ ਹੋਏ ਭਗਵਾਨ ਦੀ ਪੂਜਾ ਅਰਚਨਾ ਕਰਨ ਦੀ ਬੇਨਤੀ ਕੀਤੀ ਗਈ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।