ਡਿਊਟੀ ਦੇ ਨਾਲ-ਨਾਲ ਇਲਾਕੇ 'ਚ ਮਾਨਵਤਾ ਦੀ ਸੇਵਾ
ਨਦਾਮਪੁਰ ਦੇ ਅੰਨੇ ਭੈਣ ਭਰਾਵਾਂ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ
ਭਵਾਨੀਗੜ, 4 ਅਪ੍ਰੈਲ (ਗੁਰਵਿੰਦਰ ਸਿੰਘ): ਪੰਜਾਬ ਪੁਲਸ ਲੋਕਾਂ ਨੂੰ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ ਉੱਥੇ ਹੀ ਭਵਾਨੀਗੜ ਪੁਲਸ ਇਸ ਡਿਊਟੀ ਦੇ ਨਾਲ-ਨਾਲ ਇਲਾਕੇ 'ਚ ਮਾਨਵਤਾ ਦੀ ਸੇਵਾ ਲਈ ਵੀ ਦਿਨ ਰਾਤ ਲੋੜਵੰਦ ਲੋਕਾਂ ਅਤੇ ਪਰਿਵਾਰਾਂ ਲਈ ਖਾਣ ਪੀਣ ਦਾ ਸਮਾਨ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਉਣ ਵਿੱਚ ਜੁੱਟੀ ਹੋਈ ਹੈ। ਜਿਸ ਤਹਿਤ ਸ਼ਨੀਵਾਰ ਨੂੰ ਥਾਣਾ ਮੁਖੀ ਭਵਾਨੀਗੜ ਰਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਜਨਮ ਤੋਂ ਹੀ ਅੱਖਾਂ ਤੋਂ ਅੰਨੇ ਅਤੇ ਕੰਨਾਂ ਤੋਂ ਬਹਿਰੇ ਅਤਿ ਤਰਸਯੋਗ ਹਾਲਤ ਵਿੱਚ ਅਪਣੀ ਜਿੰਦਗੀ ਕੱਟ ਰਹੇ ਤਿੰਨ ਭੈਣ ਭਰਾਵਾ ਨੂੰ ਉਨ੍ਹਾਂ ਦੇ ਘਰ ਪਿੰਡ ਨਦਾਮਪੁਰ ਵਿਖੇ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਸਥਿਤੀ ਵਿੱਚ ਪੁਲਸ ਵੀ ਲੋੜਵੰਦ ਲੋਕਾਂ ਦਾ ਦਰਦ ਸਮਝਦੀ ਹੈ ਤੇ ਅੱਜ ਉਨ੍ਹਾਂ ਨੂੰ ਜਿਵੇਂ ਹੀ ਇਸ ਪਰਿਵਾਰ ਸਬੰਧੀ ਪਤਾ ਲੱਗਿਆ ਤਾਂ ਉਹ ਅਪਣੇ ਸਾਥੀ ਮੁਲਾਜ਼ਮਾਂ ਸਮੇਤ ਪਰਿਵਾਰ ਨੂੰ ਰਾਸ਼ਨ ਦੀਆ ਕਿੱਟਾ ਦੇਣ ਲਈ ਪਹੁੰਚੇ। ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਕਿ ਇਸ ਸੰਕਟ ਦੀ ਘੜੀ 'ਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਪਿੰਡ ਦੇ ਸਰਪੰਚ ਬਲਵੰਤ ਸਿੰਘ ਕੰਧੋਲਾ ਨੇ ਅਾਖਿਆ ਕਿ ਮਾਨਵਤਾ ਦੀ ਭਲਾਈ ਵਿੱਚ ਜੁੱਟੀ ਪੰਜਾਬ ਪੁਲਸ ਦਾ ਇਹ ਚਿਹਰਾ ਦੇਖ ਕੇ ਪਿੰਡ ਵਾਸੀ ਕਾਫੀ ਖੁਸ਼ ਹਨ। ਇਸ ਮੌਕੇ ਕਾਲਾਝਾੜ ਪੁਲਸ ਚੌਕੀੰ ਦੇ ਇੰਚਾਰਜ਼ ਅੈੱਸ.ਆਈ.ਪਵਿੱਤਰ ਸਿੰਘ, ਹਾਕਮ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ। ਪਰਿਵਾਰ ਨੂੰ ਰਾਸ਼ਨ ਸਮੱਗਰੀ ਦਿੰਦੇ ਹੋਏ ਪੁਲਸ ਅਧਿਕਾਰੀ।