ਹਰਪ੍ਰੀਤ ਬਾਜਵਾ ਨੇ ਝੁੱਗੀ ਝੋਪੜੀ ਵਾਲੇ ਗਰੀਬਾ ਨੂੰ ਲੰਗਰ ਵਰਤਾਇਆ
30 ਪਰਿਵਾਰਾਂ ਦੀ ਸੂਚੀ ਬਣਾਕੇ 5 ਦਿਨਾਂ ਤੋਂ ਜਾਰੀ ਹੈ ਲੰਗਰ ਦੀ ਸੇਵਾ
ਭਵਾਨੀਗੜ੍ਹ, 4 ਅਪ੍ਰੈਲ {ਗੁਰਵਿੰਦਰ ਸਿੰਘ} ਕਰੋਨਾ ਵਾਇਰਸ ਦੇ ਚਲਦਿਆਂ ਕਰਫਿਊ ਦੇ ਸਮੇਂ ਦੌਰਾਨ ਜਿਥੇ ਸਾਰੇ ਪੰਜਾਬ ਵਿੱਚ ਹਰ ਕੋਈ ਆਪਣੇ ਆਪਣੇ ਘਰ ਅੰਦਰ ਰਹਿ ਕਿ ਬਚਾਓ ਕਰ ਰਿਹਾ ਹੈ, ਓਥੇ ਹੀ ਕਈ ਸਮਾਜ ਸੇਵੀ ਲੋਕ ਅਤੇ ਸਰਕਾਰ ਦੇ ਨੁਮਾਇੰਦੇ ਗਰੀਬ ਅਤੇ ਲਾਚਾਰ ਲੋਕਾਂ ਦੇ ਲਈ ਲਗਾਤਾਰ ਖਾਣੇ ਦਾ ਰਾਸ਼ਨ ਵੰਡ ਕੇ ਸੇਵਾ ਕਰ ਰਹੇ ਹਨ। ਇਸੇ ਕੜੀ ਦੇ ਤਹਿਤ ਹਰਪ੍ਰੀਤ ਬਾਜਵਾ ਨੇ ਉਹਨਾਂ ਲੋਕਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ ਜੋ ਕਿ ਬਹੁਤ ਗਰੀਬ ਹਨ ਅਤੇ ਜਿਨ੍ਹਾਂ ਕੋਲ ਰਹਿਣ ਨੂੰ ਛੱਤ ਵੀ ਨਹੀਂ ਹੈ। ਬਾਜਵਾ ਨੇ ਦਸਿਆ ਕਿ ਇਹਨਾਂ ਗਰੀਬ ਲੋਕਾਂ ਦੀ ਨਾ ਤਾਂ ਵੋਟ ਹੈ ਜਿਸ ਕਾਰਨ ਸਰਕਾਰ ਦਾ ਭੇਜਿਆ ਰਾਸ਼ਨ ਇਹਨਾਂ ਝੁੱਗੀਆ ਝੋਪੜੀਆ ਵਿਚ ਨਹੀਂ ਪਹੁੰਚਦਾ। ਓਹਨਾ ਦਸਿਆ ਕਿ ਉਹਨਾਂ ਨੇ ਇਸ ਪ੍ਰਕਾਰ ਦੇ 30 ਪਰਿਵਾਰਾਂ ਦੀ ਸੂਚੀ ਬਣਾਈ ਹੈ ਜਿਨ੍ਹਾਂ ਲਈ ਪਿਛਲੇ 5 ਦਿਨਾਂ ਤੋਂ ਲੰਗਰ ਦੀ ਸੇਵਾ ਉਹ ਆਪਣੇ ਪੱਧਰ ਤੇ ਕਰ ਰਹੇ ਹਨ। ਹਰਪ੍ਰੀਤ ਬਾਜਵਾ ਨੇ ਪੂਰੇ ਪੰਜਾਬ ਦੇ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਕੀਤੀ ਕੇ ਇਸ ਮੁਸ਼ਕਿਲ ਸਮੇਂ ਦੌਰਾਨ ਬਹੁਤ ਗਰੀਬ ਪਰਿਵਾਰ ਅਜਿਹੇ ਹਨ ਜੋ ਸਰਕਾਰ ਵੱਲੋਂ ਦਿੱਤੇ ਰਾਸ਼ਨ ਤੋਂ ਕਿਸੇ ਨਾ ਕਿਸੇ ਕਾਰਨ ਵਾਂਝੇ ਰਹਿ ਜਾਂਦੇ ਹਨ, ਸਾਰੇ ਵੀਰਾਂ ਨੂੰ ਇਕੱਠੇ ਹੋ ਕੇ ਆਪਣੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਲੋਕਾਂ ਦੀ ਸੂਚੀ ਬਣਾ ਕੇ ਉਹਨਾਂ ਤੱਕ ਹਰ ਮਦਦ ਪਹੁੰਚਾਉਣੀ ਚਾਹੀਦੀ ਹੈ, ਇਸਦੇ ਨਾਲ ਹੀ ਉਹਨਾਂ ਨੇ ਇਹਨਾਂ ਗਰੀਬ ਪਰਿਵਾਰਾਂ ਦੇ ਪਸ਼ੂਆਂ ਲਈ ਵੀ ਚਾਰੇ ਦਾ ਪ੍ਬੰਧ ਕਰਨ ਦੀ ਗੱਲ ਕਹੀ।