ਕਾਂਗਰਸੀਆ ਦੇ ਇਸ਼ਾਰਿਆਂ ਤੇ ਦਰਜ ਹੋ ਰਹੇ ਝੂਠੇ ਪਰਚੇ :ਬਾਬੂ ਗਰਗ
ਕਾਂਗਰਸੀ ਅਾਗੂ ਕਰ ਰਹੇ ਗਰੀਬਾਂ ਦੇ ਰਾਸ਼ਨ ਦਾ ਸਿਆਸੀਕਰਨ: ਗਰਗ
ਭਵਾਨੀਗੜ੍ਹ, 4 ਅਪ੍ਰੈਲ {ਗੁਰਵਿੰਦਰ ਸਿੰਘ} ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦੀ ਸਕੱਤਰ ਪ੍ਕਾਸ਼ ਚੰਦ ਗਰਗ ਨੇ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਸਿਆਸੀਕਰਣ ਕਰਨ ਅਤੇ ਲੋਕ ਨੁਮਾਇੰਦਿਆਂ ਵਿਰੁੱਧ ਝੂਠੇ ਪਰਚੇ ਦਰਜ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ । ਗਰਗ ਨੇ ਕਿਹਾ ਕਿ ਕਰੋਨਾਵਾਇਰਸ ਨੇ ਅੱਜ ਪੂਰਾ ਸੰਸਾਰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਭਾਰਤ ਵੀ ਇਕ ਗੰਭੀਰ ਸਥਿਤੀ ਵਿਚੋਂ ਲੰਘ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਅੰਦਰ ਸਰਕਾਰਾਂ ਅਤੇ ਸਮਾਜ ਨੂੰ ਇਕਮੁੱਠ ਹੋ ਕੇ ਲਾਕਡਾਊਨ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਹੈ ।ਉਨਾਂ ਕਿਹਾ ਕਿ ਮੌਕੇ ਦੀ ਸਰਕਾਰ ਵੱਲੋਂ ਇਸ ਸੰਕਟ ਸਮੇ ਮੁਸੀਬਤ ਵਿੱਚ ਫਸੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨੀ ਇਕ ਜਰੂਰੀ ਫਰਜ ਬਣਦਾ ਹੈ , ਇਹ ਕੋਈ ਅਹਿਸਾਨ ਨਹੀ ਹੈ । ਉਨ੍ਹਾਂ ਹਲਕਾ ਸੰਗਰੂਰ ਅੰਦਰ ਪ੍ਰਸਾਸ਼ਨ ਅਤੇ ਕਾਂਗਰਸੀ ਆਗੂਆਂ ਵੱਲੋਂ ਕਰਫਿਊ ਦੌਰਾਨ ਰਾਸ਼ਨ ਵੰਡਣ ਦੀ ਪ੍ਰਕਿਰਿਆ ਦਾ ਰਾਜਨੀਤੀਕਰਣ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਵਾਨੀਗੜ੍ਹ ਸ਼ਹਿਰ ਅਤੇ ਪਿੰਡਾਂ ਅੰਦਰ ਰਾਸ਼ਨ ਵੰਡਣ ਸਮੇ ਸ਼ਰੇਆਮ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ , ਸਿਆਸੀ ਕਿੜ ਕੱਢਣ ਲਈ ਬਹੁਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਨਹੀ ਵੰਡੀ ਗਈ ਅਤੇ ਇਸ ਵਿਤਕਰੇ ਖਿਲਾਫ ਬੋਲਣ ਵਾਲਿਆਂ ਨੂੰ ਝੂਠੇ ਪੁਲੀਸ ਪਰਚੇ ਦਰਜ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਅਕਾਲੀ ਆਗੂ ਨੇ ਭਵਾਨੀਗੜ ਬਲਾਕ ਦੇ ਪਿੰਡ ਹਰਦਿੱਤਪੁਰਾ ਦੀ ਸਰਪੰਚ ਦੇ ਪੁੱਤਰ ਗਿਆਨ ਸਿੰਘ ਖਿਲਾਫ ਦਰਜ ਕੀਤੇ ਪਰਚੇ ਨੂੰ ਲੋਕਾਂ ਦੀ ਆਵਾਜ ਨੂੰ ਬੰਦ ਕਰਨ ਦੀ ਘਿਨੌਣੀ ਕਾਰਵਾਈ ਕਰਾਰ ਦਿੰਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ । ਕਾਂਗਰਸੀ ਆਗੂਆਂ ਦੇ ਇਸ਼ਾਰਿਆਂ ਤੇ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਸੰਕਟ ਦੀ ਘੜੀ ਇਨਸਾਫ ਕਰਨ ਨਹੀ ਤਾਂ ਸਮਾ ਬਦਲਣ ਤੇ ਇਸ ਦੇ ਨਤੀਜੇ ਭੁਗਤਣੇ ਪੈਣਗੇ । ਪਿੰਡਾਂ ਦੇ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਰੱਖਦਿਆਂ ਲਾਕਡਾਊਨ ਨੂੰ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ ।
ਪ੍ਕਾਸ਼ ਚੰਦ ਗਰਗ