ਦਹਿਸ਼ਤ ਦੇ ਮਾਹੌਲ ਦੀ ਥਾਂ ਅਸਲੀਅਤ ਤੋਂ ਜਾਣੂ ਕਰਵਾਏ ਸਰਕਾਰ - ਗਰਗ
ਸਿਹਤ ਸੇਵਾਵਾਂ ਸੰਬੰਧੀ ਲੋਕਾਂ 'ਚ ਪੈਦਾ ਸ਼ੰਕਿਆਂ ਨੂੰ ਦੂਰ ਕਰਨ ਦੇ ਯਤਨ ਜਰੂਰੀ- ਬਾਬੂ ਗਰਗ
ਭਵਾਨੀਗੜ੍ਹ, 7 ਅਪ੍ਰੈਲ (ਗੁਰਵਿੰਦਰ ਸਿੰਘ)-ਕਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਕਾਰਨ ਲੋਕਾਂ ਵਿੱਚ ਪੈਦਾ ਹੋ ਰਹੇ ਦਹਿਸ਼ਤ ਦੇ ਮਾਹੌਲ ਅਤੇ ਸਿਹਤ ਸੇਵਾਵਾਂ ਨੂੰ ਲੈ ਕੇ ਲੋਕਾਂ ਵਿੱਚ ਪੈਦਾ ਹੋ ਰਹੀਆਂ ਸ਼ੰਕਾਵਾਂ 'ਤੇ ਚਿੰਤਾ ਦਾ ਪ੍ਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਕਾਸ਼ ਚੰਦ ਗਰਗ ਨੇ ਕਿਹਾ ਕਿ ਬੇਸ਼ੱਕ ਸਮਾਜ ਵਿੱਚ ਫੈਲੀ ਕਰੋਨਾ ਨਾਮਕ ਮਹਾਂਮਾਰੀ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ, ਪਰ ਇਸ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਠੀਕ ਨਹੀਂ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਰੋਨਾ ਸੰਬੰਧੀ ਜੋ ਅਸਲ ਸਥਿਤੀ ਅਤੇ ਸਹੀ ਹਿਦਾਇਤਾਂ ਹਨ, ਉਨ੍ਹਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸਦੇ ਨਾਲ ਹੀ ਜੋ ਅਫਵਾਹਾਂ ਫੈਲਾ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰ ਹੇ ਹਨ, ਉਨ੍ਹਾਂ 'ਤੇ ਲਗਾਮ ਕਸੀ ਜਾਵੇ।ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿੱਚ ਸ਼੍ਰੀ ਗਰਗ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਲੈ ਕੇ ਵੀ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ। ਲੋਕ ਡਰੇ ਹੋਏ ਹਨ ਕਿ ਕੀ ਸਰਕਾਰ ਕਰੋਨਾ ਨਾਲ ਲੜਨ ਲਈ ਪੁਖਤਾ ਸਿਹਤ ਸੇਵਾਵਾਂ ਦਾ ਪ੍ਰਬੰਧ ਕਰੇਗੀ ਜਾਂ ਨਹੀਂ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੋਰ ਕੰਮਾਂ ਤੋਂ ਪਹਿਲਾਂ ਸਿਹਤ ਸੇਵਾਵਾਂ ਨੂੰ ਦੁਰਸਤ ਕਰਨ ਵੱਲ ਧਿਆਨ ਦਿੱਤਾ ਜਾਵੇ। ਹਸਪਤਾਲਾਂ ਵਿੱਚ ਲੋੜ ਅਨੁਸਾਰ ਡਾਕਟਰ, ਡਾਕਟਰ ਦੀ ਡਿਊਟੀ ਯਕੀਨੀ, ਵੈਟੀਲੇਟਰ, ਆਈਸੀਯੂ ਅਤੇ ਹੋਰ ਲੋੜੀਦੇ ਪ੍ਰਬੰਧ ਯਕੀਨੀ ਬਣਾ ਕੇ ਲੋਕਾਂ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਪੈਦਾ ਹੋਈਆਂ ਸ਼ੰਕਾਵਾਂ ਨੂੰ ਦੂਰ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕਰੋਨਾ ਪੀੜਤਾਂ ਲਈ ਵੈਟੀਲੇਟਰਯੁਕਤ ਵਿਸ਼ੇਸ਼ ਐਂਬੂਲੈਂਸ ਤਿਆਰ ਕਰਵਾਉਣ ਦੇ ਉਪਰਾਲੇ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਹਸਪਤਾਲਾਂ ਵਿੱਚ ਕਰੋਨਾ ਨਾਲ ਲੜਨ ਦੇ ਪ੍ਰਬੰਧ ਪੁਖਤਾ ਕੀਤੇ ਜਾਣ, ਤਾਂ ਜੋ ਲੋਕਾਂ ਵਿੱਚ ਦਹਿਸ਼ਤ ਅਤੇ ਸਿਹਤ ਸੇਵਾਵਾਂ ਨੂੰ ਲੈ ਕੇ ਪਾਈ ਜਾ ਰਹੀ ਚਿੰਤਾ ਸਮਾਪਤ ਹੋ ਸਕੇ। ਇਸ ਤੋਂ ਇਲਾਵਾ ਸ਼੍ਰੀ ਗਰਗ ਨੇ ਤਬਲੀਗੀ ਜਮਾਤ ਦੇ ਮੁੱਦੇ ਨੂੰ ਫਿਰਕੂ ਰੰਗ ਦੇਣ ਤੋਂ ਗੁਰੇਜ ਕਰਨ ਦੀ ਵੀ ਅਪੀਲ ਕੀਤੀ ਅਤੇ ਕਰੋਨਾ 'ਤੇ ਜਿੱਤ ਦਰਜ ਕਰਨ ਲਈ ਇੱਕਜੁਟਤਾ ਦਾ ਸਬੂਤ ਦੇਣ ਦੀ ਗੱਲ ਆਖੀ।