ਸਬ-ਇੰਸਪੈਕਟਰ ਦੀ ਵਰਦੀ ਫਾੜਨ, ਡਿਊਟੀ 'ਚ ਵਿਘਨ ਪਾਉਣ 'ਤੇ 3 ਖਿਲਾਫ਼ ਪਰਚਾ
ਭਵਾਨੀਗੜ,11 ਅਪ੍ਰੈਲ (ਗੁਰਵਿੰਦਰ ਸਿੰਘ): ਪਿੰਡ ਨਰੈਣਗੜ ਵਿੱਚ ਡਿਊਟੀ ਦੌਰਾਨ ਪੰਜਾਬ ਪੁਲਸ ਦੇ ਇੱਕ ਸਬ-ਇੰਸਪੈਕਟਰ ਦੀ ਵਰਦੀ ਫਾੜਨ ਅਤੇ ਡਿਊਟੀ ਵਿੱਚ ਵਿਘਣ ਪਾਉਣ ਦੇ ਦੋਸ਼ ਹੇਠ ਪੁਲਸ ਨੇ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਭਵਾਨੀਗੜ ਰਮਨਦੀਪ ਸਿੰਘ ਨੇ ਦੱਸਿਆ ਕਿ ਕਰਫਿਊ ਦੌਰਾਨ ਅੱਜ ਗਸ਼ਤ ਦੇ ਸਬੰਧ ਵਿੱਚ ਜਦੋਂ ਪੁਲਸ ਚੌਕੀ ਘਰਾਚੋਂ ਦੇ ਇੰਚਾਰਜ ਅੈੱਸ.ਆਈ.ਰਾਜਵੰਤ ਕੁਮਾਰ ਅਪਣੇ ਸਾਥੀ ਪੁਲਸ ਕਰਮਚਾਰੀਆਂ ਨਾਲ ਪਿੰਡ ਨਰੈਣਗੜ ਪੁੱਜੇ ਤਾਂ ਉੱਥੇ ਕਰਫਿਊ ਦੀ ਉਲੰਘਣਾ ਕਰਕੇ ਬਿਨ੍ਹਾਂ ਮੂੰਹ ਨੂੰ ਢੱਕੇ ਘੁੰਮ ਰਹੇ ਵਿਅਕਤੀ ਨੇ ਪੁੱਛਣ 'ਤੇ ਵਿਅਕਤੀ ਬਦਤਮੀਜੀ ਨਾਲ ਪੇਸ਼ ਆਇਆ ਪਰ ਪੁਲਸ ਉਸਨੂੰ ਸਮਝਾ ਕੇ ਚਲੀ ਗਈ। ਪੁਲਸ ਪਾਰਟੀ ਅਜੇ ਪਿੰਡ 'ਚ ਭੱਟੀਵਾਲ ਵਾਲੀ ਸਾਇਡ ਹੀ ਪਹੁੰਚੀ ਸੀ ਕਿ ਮੋਟਰਸਾਇਕਲ ਸਵਾਰ ਵਿਅਕਤੀ ਜਿਸਦੇ ਪਿੱਛੇ ਪਹਿਲਾਂ ਵਾਲਾ ਵਿਅਕਤੀ ਬੈਠਾ ਸੀ ਨੇ ਪੁਲਸ ਦੀ ਗੱਡੀ ਨੂੰ ਘੇਰ ਕੇ ਰੋਕ ਲਿਆ ਅਤੇ ਤੈਸ਼ 'ਚ ਆਏ ਮੋਟਰਸਾਇਕਲ ਚਾਲਕ ਨੇ ਚੌੰਕੀ ਇੰਚਾਰਜ ਦੀ ਵਰਦੀ ਨੂੰ ਹੱਥ ਪਾ ਲਿਆ ਤੇ ਖੁੱਦ ਨੂੰ ਫੌਜੀ ਦੱਸਦਿਆ ਪੁਲਸ ਅਧਿਕਾਰੀ ਨੂੰ ਉਸਦੀ ਵਰਦੀ ਉਤਰਵਾਉੰਣ ਦੀਆਂ ਧਮਕੀਆਂ ਦੇਣ ਦੇ ਨਾਲ ਕਹਿਣ ਲੱਗਾ ਕਿ ਮੇਰੇ ਪਿਓ ਨੂੰ ਘਰ ਭੇਜਣ ਅਤੇ ਮੂੰਹ ਢੱਕਵਾਉਣ ਵਾਲਾ ਉਹ ਹੁੰਦਾ ਕੋਣ ਹੈ। ਇਸ ਦੌਰਾਨ ਇੱਕ ਹੋਰ ਮੋਨੇ ਵਿਅਕਤੀ ਨੇ ਮੌਕੇ 'ਤੇ ਆਉੰਦਿਆਂ ਹੀ ਪੁਲਸ ਦੀ ਗੱਡੀ ਦੀ ਤਾਕੀ ਜਬਰਦਸਤੀ ਖੋਲ ਕੇ ਅੈੱਸਆਈ ਨੂੰ ਬਾਹਰ ਕੱਢ ਲਿਆ ਤੇ ਉਕਤ ਲੋਕਾਂ ਨੇ ਪੁਲਸ ਮੁਲਾਜ਼ਮ ਨੂੰ ਧਮਕੀਆਂ ਦਿੰਦੇ ਹੋਏ ਮੁੱਕੇ ਮਾਰਨ ਅਤੇ ਮੋਬਾਇਲ ਫੋਨ ਰਾਹੀਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਵਿਅਕਤੀਆਂ ਨੂੰ ਕਾਬੂ ਕਰਕੇ ਗੱਡੀ ਵਿੱਚ ਬੈਠਣ ਲਈ ਕਿਹਾ ਤਾਂ ਉਹ ਪੁਲਸ ਨਾਲ ਧੱਕਾਮੁੱਕੀ ਹੁੰਦੇ ਹੋਏ ਪਿੰਡ ਵੱਲ ਨੂੰ ਫਰਾਰ ਹੋ ਗਏ। ਥਾਣਾ ਮੁੱਖੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਅੈਸ.ਆਈ. ਰਾਜਵੰਤ ਕੁਮਾਰ ਦੇ ਬਿਅਾਨਾ ਦੇ ਆਧਾਰ 'ਤੇ ਜਗਸੀਰ ਸਿੰਘ ਉਰਫ ਮੋਹਣਾ ਫੌਜੀ ਉਸਦੇ ਪਿਤਾ ਹਰਭਜਨ ਸਿੰਘ ਸਮੇਤ ਮੱਖਣ ਸਿੰਘ ਵਾਸੀ ਨਰੈਣਗੜ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।