ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਕਣਕ ਦੀ ਅਨਲੋਡਿੰਗ ਨਾ ਕਰਨ ਦਾ ਫੈਸਲਾ
ਪੁਰਾਣੇ ਲੇਬਰ ਰੇਟਾਂ 'ਤੇ ਕੰਮ ਨਹੀਂ ਕਰਨਗੇ ਪੱਲੇਦਾਰ : ਰਾਮ ਸਿੰਘ
ਭਵਾਨੀਗੜ,15 ਅਪ੍ਰੈਲ (ਗੁਰਵਿੰਦਰ ਸਿੰਘ ): ਸੂਬੇ ਭਰ ਵਿੱਚ ਬੁੱਧਵਾਰ ਤੋਂ ਰਸਮੀ ਤੌਰ 'ਤੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰ ਵੱਲੋਂ ਫਸਲ ਦੀ ਖਰੀਦ ਨੂੰ ਲੈ ਕੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਜਿਹੇ ਵਿੱਚ ਕਣਕ ਦੀ ਆਮਦ ਦੇ ਪਹਿਲੇ ਦਿਨ ਹੀ ਪੰਜਾਬ ਮਜ਼ਦੂਰ ਦਲ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਇੱਕ ਹੰਗਾਮੀ ਮੀਟਿੰਗ ਦੌਰਾਨ ਪੁਰਾਣੇ ਰੇਟਾਂ 'ਤੇ ਗੋਦਾਮਾਂ ਵਿੱਚ ਕਣਕ ਦੀ ਅਨਲੋਡਿੰਗ ਨਾ ਕਰਨ ਦਾ ਫੈਸਲਾ ਕਰਦਿਆਂ ਬਾਈਕਾਟ ਦਾ ਅੈਲਾਣ ਕਰ ਦਿੱਤਾ। ਪੱਲੇਦਾਰ ਮਜਦੂਰ ਜਥੇਬੰਦੀਆਂ ਦੇ ਇਸ ਫੈਸਲੇ ਤੋਂ ਬਾਅਦ ਸਰਕਾਰ ਦੇ ਦਾਅਵਿਆਂ ਦੀ ਪੋਲ ਖੁਲ ਗਈ ਹੈ ਉੱਥੇ ਹੀ ਸਰਕਾਰ ਦੇ ਸਾਹਮਣੇ ਇੱਕ ਵੱਡੀ ਪ੍ਰੇਸ਼ਾਨੀ ਵੀ ਖੜੀ ਹੋ ਗਈ ਹੈ। ਇਸ ਸਬੰਧੀ ਪੰਜਾਬ ਮਜ਼ਦੂਰ ਦਲ ਦੇ ਸੂਬਾ ਪ੍ਧਾਨ ਰਾਮ ਸਿੰਘ ਮੱਟਰਾਂ ਅਤੇ ਪੰਜਾਬ ਪੱਲੇਦਾਰ ਯੂਨੀਅਨ ਦੇ ਜਰਨਲ ਸਕੱਤਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਉਨ੍ਹਾਂ ਵੱਲੋਂ ਮਹਿਕਮੇ ਨੂੰ ਲਿਖ ਕੇ ਦਿੱਤਾ ਗਿਆ ਸੀ ਕਿ ਪੱਲੇਦਾਰ ਮਜਦੂਰ ਸਰਕਾਰ ਵੱਲੋਂ ਤਹਿ ਕੀਤੇ ਪੁਰਾਣੇ ਲੇਬਰ ਰੇਟਾਂ 'ਤੇ ਕੰਮ ਨਹੀਂ ਕਰਨਗੇ, ਕਿਉਂਕਿ ਪਿਛਲੇ ਸਾਲ ਦੇ ਰੇਟ ਕਾਫੀ ਘੱਟ ਹਨ ਤੇ ਰੇਟ ਵਧਾਉਣ ਦੀ ਮੰਗ ਕੀਤੀ ਸੀ। ਜਿਸ ਸਬੰਧੀ ਨਾ ਹੀ ਸਰਕਾਰ ਅਤੇ ਨਾ ਹੀ ਮਹਿਕਮੇ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀ ਲਿਆ, ਜਿਸ ਦੇ ਰੋਸ ਵੱਜੋਂ ਅੱਜ ਪੰਜਾਬ ਮਜ਼ਦੂਰ ਦਲ ਅਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਭਵਾਨੀਗੜ ਸਮੇਤ ਸਮਾਣਾ, ਪਾਤੜਾਂ ਮੰਡੀ, ਪਟਿਆਲਾ ਤੇ ਧੂਰੀ ਡਿੱਪੂਆਂ ਵਿੱਚ ਕੰਮ ਕਰਦੇ 2 ਹਜ਼ਾਰ ਦੇ ਕਰੀਬ ਪੱਲੇਦਾਰ ਮਜਦੂਰ ਸਰਕਾਰ ਵੱਲੋਂ ਖਰੀਦੀ ਗਈ ਕਣਕ ਦੀ ਅਨਲੋਡਿੰਗ ਨਹੀਂ ਕਰਨਗੇ। ਯੂਨੀਅਨ ਆਗੂਆਂ ਨੇ ਅਾਖਿਆ ਕਿ ਉਦੋਂ ਤੱਕ ਅਨਾਜ ਮੰਡੀਆਂ ਵਿੱਚ ਹੀ ਰੁਲਦਾ ਰਹੇਗਾ ਜਦੋਂ ਤੱਕ ਸਰਕਾਰ ਸਾਡੀ ਮੰਗ ਨੂੰ ਪੂਰਾ ਨਹੀਂ ਕਰਦੀ। ਇਸ ਤੋਂ ਇਲਾਵਾ ਆਗੂਆਂ ਨੇ ਪੰਜਾਬ ਸਰਕਾਰ ਤੋਂ 120 ਫੀਸਦ ਦੇ ਹਿਸਾਬ ਨਾਲ ਰੇਟਾਂ 'ਚ ਵਾਧਾ ਕਰਨ, ਗੋਦਾਮਾਂ 'ਚ ਕੰਮ ਕਰਦੇ ਪੱਲੇਦਾਰ ਮਜਦੂਰਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਉਨ੍ਹਾਂ ਦਾ ਬੀਮਾ ਅਤੇ ਡਾਕਟਰੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਹਮੀਰ ਸਿੰਘ,ਮੇਜਰ ਸਿੰਘ, ਹਰਚੰਦ ਸਿੰਘ, ਨਛੱਤਰ ਸਿੰਘ,ਜਸਵੀਰ ਸਿੰਘ, ਹਰਦੇਵ ਸਿੰਘ,ਬਲਵੀਰ ਸਿੰਘ, ਕੇਵਲ ਸਿੰਘ ਹਾਜ਼ਰ ਸਨ।
ਸਰਕਾਰ ਵਿਰੁੱਧ ਰੋਸ ਪਰ੍ਗਟ ਕਰਦੇ ਹੋਏ ਪੱਲੇਦਾਰ।