ਨੈਸ਼ਨਲ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਕਾਰ ਟੱਕਰ
ਅੌਰਤ ਗੰਭੀਰ ਰੂਪ ਵਿੱਚ ਹੋਈ ਜਖ਼ਮੀ
ਭਵਾਨੀਗੜ, 22 ਅਪ੍ਰੈਲ (ਗੁਰਵਿੰਦਰ ਸਿੰਘ): ਅੱਜ ਸਵੇਰੇ ਇੱਥੇ ਬਠਿੰਡਾ-ਜੀਰਕਪੁਰ ਨੈਸ਼ਨਲ ਹਾਈਵੇ ਉੱਪਰ ਇੱਕ ਟਰੱਕ ਅਤੇ ਕਾਰ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਅੌਰਤ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ ਜਿਸਨੂੰ ਇਲਾਜ ਲਈ ਪਟਿਆਲਾ ਭੇਜਿਆ ਗਿਆ। ਜਾਣਕਾਰੀ ਅਨੁਸਾਰ ਬਰੈਜਾ ਕਾਰ 'ਚ ਸਵਾਰ ਅਵਤਾਰ ਸਿੰਘ ਵਾਸੀ ਰਾਜਪੁਰਾ ਅਪਣੀ ਰਿਸ਼ਤੇਦਾਰ ਸੁਰਿਦਰਪਾਲ ਕੌਰ ਵਾਸੀ ਨਦਾਮਪੁਰ ਨਾਲ ਬੁੱਧਵਾਰ ਨੂੰ ਸੁਨਾਮ ਜਾ ਰਹੇ ਸਨ ਤਾਂ ਨਾਭਾ-ਸਮਾਣਾ ਕੈੰਚੀਆਂ ਵਾਲਾ ਪੁਲ ਉੱਤਰਦਿਆ ਹੀ ਇਨ੍ਹਾਂ ਦੀ ਕਾਰ ਦੀ ਸਰਵਿਸ ਰੋਡ ਤੋਂ ਹਾਇਵੇ 'ਤੇ ਚੜ ਰਹੇ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ (ਟਰਾਲਾ) ਨਾਲ ਟਕਰਾਉਣ ਤੋਂ ਬਾਅਦ ਕਾਰ ਦਾ ਅਗਲਾ ਟਾਇਰ ਨਿਕਲ ਕੇ ਅਲੱਗ ਹੋ ਗਿਆ ਅਤੇ ਕਾਰ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਅਵਤਾਰ ਸਿੰਘ ਨੂੰ ਮਾਮੂਲੀ ਸੱਟਾ ਲੱਗੀਆਂ ਜਦੋਂਕਿ ਉਸਦੇ ਨਾਲ ਬੈਠੀ ਸੁਰਿੰਦਰਪਾਲ ਕੌਰ ਸਿਰ ਵਿੱਚ ਸੱਟ ਲੱਗਣ ਕਾਰਣ ਗੰਭੀਰ ਰੂਪ 'ਚ ਜਖ਼ਮੀ ਹੋ ਗਈ। ਘਟਨਾ ਸਥਾਨ 'ਤੇ ਹਾਜ਼ਰ ਲੋਕਾਂ ਮੁਤਾਬਕ ਜੇਕਰ ਕਾਰ ਦੇ ਏਅਰਬੈਗ ਨਾ ਖੁੱਲਦੇ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਮੌਕੇ ਤੋਂ ਜਖ਼ਮੀਆਂ ਨੂੰ ਭਵਾਨੀਗੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਮਹਿਲਾ ਨੂੰ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ। ਉਧਰ ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਹਾਦਸੇ 'ਚ ਚਕਨਾਚੂਰ ਹੋਈ ਕਾਰ।