ਦਲਿਤਾਂ ਵੱਲੋਂ ਸ਼ੰਘਰਸ਼ ਦੀ ਚੇਤਾਵਨੀ
ਮਾਮਲਾ ਭੱਟੀਵਾਲ ਕਲਾਂ ਦੀ ਪੰਚਾਇਤੀ ਜਮੀਨ ਦਾ
ਭਵਾਨੀਗੜ੍ਹ, 21 ਮਈ (ਗੁਰਵਿੰਦਰ ਸਿੰਘ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਨਪ੍ਰੀਤ ਸਿੰਘ ਭੱਟੀਵਾਲ, ਕਾਕਾ ਸਿੰਘ ਉਸਾਰੀ ਮਜ਼ਦੂਰ ਯੂਨੀਅਨ ਤੇ ਮੱਘਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੱਟੀਵਾਲ ਕਲਾਂ ਵਿੱਚ 68 ਵਿੱਘੇ ਪੰਚਾਇਤੀ ਜ਼ਮੀਨ ਦੀ ਬੋਲੀ ਹੁੰਦੀ ਹੈ ਜਿਸ ਤਹਿਤ ਇਸ ਸਾਲ 34 ਵਿੱਘੇ ਇੱਕ ਟੱਕ ਦੀ ਬੋਲੀ ਹੋ ਗਈ ਹੈ ਪਰੰਤੂ ਦੂਸਰੇ ਟੱਕ ਵਿੱਚ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਬੋਲੀ ਦੋ ਵਾਰ ਰੱਦ ਹੋ ਗਈ। ਜਿਸ ਸਬੰਧੀ ਪਿੰਡ ਵਾਸੀਆਂ ਵੱਲੋਂ ਪਿਛਲੇ ਦਿਨੀਂ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਪੰਚਾਇਤੀ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਵੱਜੋਂ ਧਰਨਾ ਦਿੱਤਾ ਗਿਆ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਪੰਚਾਇਤੀ ਜਮੀਨ ਦੇ ਰਾਂਖਵੇ ਕੋਟੇ ਦੀ ਬੋਲੀ ਪਿੰਡ ਵਿੱਚ ਐਸ.ਸੀ ਧਰਮਸ਼ਾਲਾ 'ਚ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਭਰੋਸਾ ਦਵਾਇਆ ਸੀ ਕਿ ਪਾਣੀ ਦਾ ਪ੍ਰਬੰਧ ਕਰਕੇ ਜਮੀਨ ਦੀ ਬੋਲੀ ਕਰਵਾਈ ਜਾਵੇਗੀ। ਆਗੂਆਂ ਨੇ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਸਕਿਆ। ਜਿਸ ਸਬੰਧੀ ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੀ ਪਿੰਡ ਇਕਾਈ ਵੱਲੋਂ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਥਾਣਾ ਮੁਖੀ ਨੇ ਅਾਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਬਲਾਕ ਵਿਕਾਸ ਪੰਚਾਇਤ ਅਫ਼ਸਰ ਭਵਾਨੀਗੜ ਨਾਲ ਗੱਲਬਾਤ ਕਰਕੇ ਛੇਤੀ ਹੀ ਮਸਲੇ ਦਾ ਹੱਲ ਕਰਵਾਉਣਗੇ। ਆਗੂਆਂ ਨੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਦਲਿਤ ਭਾਈਚਾਰੇ ਦੇ ਲੋਕ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਜਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ,ਗੁਰਵੀਰ ਸਿੰਘ, ਸੁਰਜੀਤ ਸਿੰਘ, ਖੁਸ਼ੀ ਸਿੰਘ, ਪੱਪੂ ਸਿੰਘ, ਸਤਿਗੁਰ ਸੱਤਾ, ਭਿੰਦਰ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।