ਬਿਨਾ ਮਾਸਕ ਪਾਏ ਸੜਕਾਂ 'ਤੇ ਘੁੰਮ ਰਹੇ ਲੋਕ, ਪੁਲਸ ਹੋਈ ਸਖਤ
ਧੜੱਲੇ ਨਾਲ ਵੇਚੇ ਜਾ ਰਹੇ ਨੇ ਖਾਧ ਪਦਾਰਥ
ਭਵਾਨੀਗੜ, 25 ਮਈ (ਗੁਰਵਿੰਦਰ ਸਿੰਘ): ਕੋਰੋਨਾ ਮਹਾਮਾਰੀ ਦੇ ਚੱਲਦਿਅਾਂ ਸੂਬੇ ਭਰ ਵਿੱਚ ਲੱਗੇ ਹੋਏ ਲਾਕਡਾਊਨ 'ਚ ਸਰਕਾਰ ਨੇ ਭਾਵੇਂ ਕਾਫੀ ਹੱਦ ਤੱਕ ਛੋਟ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਤੇ ਪ੍ਸ਼ਾਸਨ ਵੱਲੋਂ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਮਾਜਿਕ ਦੂਰੀ, ਮੂੰਹ 'ਤੇ ਮਾਸਕ ਪਾਉਣ ਸਮੇਤ ਹੋਰ ਜਰੂਰੀ ਸਾਵਧਾਨੀਆਂ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਰੱਖੀਆਂ ਹਨ ਪਰੰਤੂ ਅਜੇ ਵੀ ਕੁੱਝ ਲਾਪਰਵਾਹ ਕਿਸਮ ਦੇ ਲੋਕ ਪ੍ਰਸ਼ਾਸਨ ਦੀਆਂ ਇਨ੍ਹਾਂ ਹਦਾਇਤਾਂ ਨੂੰ ਗੰਭੀਰਤਾ ਨਾਲ ਨਾ ਮੰਨ ਕੇ ਸ਼ਹਿਰ ਤੇ ਬਾਜਾਰਾਂ 'ਚ ਬਿਨ੍ਹਾਂ ਮੂੰਹ ਢੱਕੇ ਘੁੰਮਦੇ ਅਾਮ ਦੇਖੇ ਜਾ ਸਕਦੇ ਹਨ। ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦੇ 100 ਦੇ ਕਰੀਬ ਮਰੀਜ ਮਿਲਣ ਦੇ ਬਾਅਦ ਭਾਵੇਂ ਪ੍ਰਸ਼ਾਸਨ ਮੁਤਾਬਿਕ ਹੁਣ ਕੋਈ ਵੀ ਐਕਟਿਵ ਕੇਸ ਨਹੀਂ ਰਿਹਾ ਦੇ ਬਾਵਜੂਦ ਲੋਕ ਸਬਕ ਨਹੀਂ ਲੈ ਰਹੇ ਹਨ ਤੇ ਮੂੰਹ 'ਤੇ ਬਿਨ੍ਹਾਂ ਮਾਸਕ ਪਾਏ ਘੁੰਮਣ ਵਾਲੇ ਲੋਕ ਅਪਣੇ ਨਾਲ ਦੂਜਿਆਂ ਦੀ ਲਈ ਵੀ ਖਤਰਾ ਬਣ ਰਹੇ ਹਨ। ਇਨ੍ਹਾਂ ਹੀ ਨਹੀਂ ਲੋਕ ਛੋਟੇ ਬੱਚਿਆਂ ਤੇ ਬਜੁਰਗਾਂ ਨੂੰ ਵੀ ਲੈ ਕੇ ਬਾਜਾਰ ਆ ਰਹੇ ਹਨ ਜਦੋਂਕਿ ਸਿਹਤ ਮਾਹਿਰਾਂ ਨੇ ਬੱਚਿਆਂ ਤੇ ਬਜੁਰਗਾਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਸਭ ਤੋਂ ਵੱਧ ਦੱਸਿਆ ਹੈ। ਇਨ੍ਹਾਂ ਹੀ ਨਹੀਂ ਘਰਾਂ ਤੋਂ ਬਾਹਰ ਨਿਕਲ ਰਹੇ ਲੋਕ ਅੱਜ ਕੱਲ ਕੋਰੋਨਾ ਬਿਮਾਰੀ ਨੂੰ ਭੁੱਲ ਕੇ ਇੱਕ ਦੂਜੇ ਤੋਂ ਸ਼ੋਸ਼ਲ ਡਿਸਟੈੰਸਿੰਗ ਰੱਖਣ ਦਾ ਖਿਆਲ ਵੀ ਨਹੀਂ ਕਰ ਰਹੇ। ਸ਼ਹਿਰ ਵਿੱਚ ਆਮ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਫਲ ਸਬਜੀਆਂ ਵੇਚਣ ਤੇ ਰੇਹੜੀ ਫੜੀਆਂ ਵੀ ਪਿੱਛੇ ਨਹੀਂ, ਮੂੰਹ 'ਤੇ ਬਿਨ੍ਹਾਂ ਮਾਸਕ ਪਾ ਕੇ ਲੋਕਾਂ ਨੂੰ ਫਲ ਸਬਜੀਆਂ ਤੇ ਹੋਰ ਖਾਧ ਪਦਾਰਥ ਧੜੱਲੇ ਨਾਲ ਵੇਚੇ ਜਾ ਰਹੇ ਹਨ। ਓਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕੋਰੋਨਾ ਸਬੰਧੀ ਸਾਵਧਾਨੀ ਨਾ ਵਰਤ ਕੇ ਅਜਿਹੇ ਲੋਕ ਨਾ ਸਿਰਫ ਪ੍ਰਸ਼ਾਸਨ ਨੂੰ ਟਿੱਚ ਸਮਝ ਰਹੇ ਹਨ ਬਲਕਿ ਦੂਜਿਆਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ, ਜਿਨ੍ਹਾਂ ਖਿਲਾਫ਼ ਸਿਹਤ ਵਿਭਾਗ ਜਾਂ ਪੁਲਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤਿੰਨ ਦਿਨਾਂ 'ਚ 40 ਚਲਾਣ ਕੀਤੇ: ਥਾਣਾ ਮੁਖੀ "ਪੁਲਸ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਅਤੇ ਸ਼ੋਸ਼ਲ ਡਿਸਟੈੰਸਿੰਗ ਰੱਖਣ ਸਬੰਧੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਨਾ ਰੱਖਣ ਵਾਲੇ ਲੋਕਾਂ ਖਿਲਾਫ਼ ਕਾਰਵਾਈ ਕਰਦਿਆਂ ਪੁਲਸ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਮਾਸਕ ਨਾ ਪਾਉਣ ਵਾਲੇ 40 ਦੇ ਕਰੀਬ ਲੋਕਾਂ ਦੇ ਚਲਾਣ ਕੱਟੇ ਗਏ ਹਨ ਤੇ ਅੱਗੇ ਵੀ ਕੀਤੇ ਜਾਣਗੇ। "