ਰਾਸ਼ਨ ਨਾ ਮਿਲਣ 'ਤੇ ਕਾਰਡਧਾਰਕਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ
ਗਰੀਬਾਂ ਨਾਲ ਧੱਕਾ ਕਰ ਰਹੀ ਸਰਕਾਰ :ਕਾਰਡ ਧਾਰਕ
ਭਵਾਨੀਗੜ, 30 ਮਈ (ਗੁਰਵਿੰਦਰ ਸਿੰਘ): ਸਰਕਾਰੀ ਰਾਸ਼ਨ ਨਾ ਮਿਲਣ ਤੋਂ ਭੜਕੇ ਸੈਂਕੜੇ ਨੀਲੇ ਰਾਸ਼ਨ ਕਾਰਡ ਧਾਰਕਾਂ ਨੇ ਅੱਜ ਪਿੰਡ ਬਲਿਆਲ ਵਿਖੇ ਰੋਸ ਜਤਾਉੰਦਿਆ ਜੋਰਦਾਰ ਨਾਅਰੇਬਾਜੀ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਪ੍ਦਰਸ਼ਨ ਕੀਤਾ। ਇਸ ਮੌਕੇ ਪ੍ਦਰਸ਼ਨ ਕਰ ਰਹੇ ਗੁਰਪ੍ਰੀਤ ਸਿੰਘ ਲਾਰਾ, ਜਗਤਾਰ ਸਿੰਘ, ਬਲਵਿੰਦਰ ਸਿੰਘ, ਮੀਤ ਸਿੰਘ, ਚਮਕੌਰ ਸਿੰਘ, ਬਿੱਕਰ ਸਿੰਘ, ਬਲਕਾਰ ਸਿੰਘ ਸਮੇਤ ਹਾਜ਼ਰ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਗਰੀਬ ਲੋਕਾਂ ਦੀ ਹਮਦਰਦ ਕਹਾਉੰਦੀ ਹੈ ਤੇ ਦੂਜੇ ਪਾਸੇ ਗਰੀਬ ਤਬਕੇ ਦੇ ਲੋਕਾਂ ਦੀਆਂ ਸਹੂਲਤਾਂ ਖੋਹ ਰਹੀ ਹੈ। ਲੋਕਾਂ ਨੇ ਦੋਸ਼ ਲਗਾਉੰਦਿਆ ਦੱਸਿਆ ਕਿ ਉਹ ਨੀਲੇ ਕਾਰਡ ਧਾਰਕ ਹਨ ਤੇ ਪਿਛਲੇ 10 ਸਾਲਾਂ ਤੋਂ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਸਹੂਲਤ ਦੇ ਤਹਿਤ ਸਰਕਾਰੀ ਰਾਸ਼ਨ ਲੈੰਦੇ ਆ ਰਹੇ ਪਰੰਤੂ ਲਾਕਡਾਊਨ ਦੌਰਾਨ ਪਿੰਡ ਦੇ ਸੈੰਕੜੇ ਗਰੀਬ ਪਰਿਵਾਰਾਂ ਦੇ ਨਾਮ ਸਰਕਾਰੀ ਲਿਸਟਾਂ 'ਚੋਂ ਕੱਟ ਦਿੱਤੇ ਗਏ ਜਿਸ ਕਾਰਣ ਉਹ ਲੋਕ ਰਾਸ਼ਨ ਲੈਣ ਤੋਂ ਵਾਂਝੇ ਹੋ ਗਏ। ਲੋਕਾਂ ਨੇ ਰੋਸ ਜਤਾਇਆ ਕਿ ਇਸ ਸੰਕਟ ਦੇ ਸਮੇੰ ਵਿੱਚ ਸਰਕਾਰ ਨੇ ਗਰੀਬਾਂ ਨੂੰ ਵਾਧੂ ਸਹੂਲਤਾਂ ਤਾਂ ਕੀ ਦੇਣੀਆਂ ਸੀ ਸਗੋਂ ਮਿਲ ਹੀ ਸਹੂਲਤ 'ਤੇ ਵੀ ਕੱਟ ਮਾਰ ਦਿੱਤਾ। ਉਨ੍ਹਾਂ ਆਖਿਆ ਕਿ ਇਸ ਵਿਤਕਰੇ ਦੇ ਖਿਲਾਫ਼ ਨਾ ਤਾਂ ਉਨ੍ਹਾਂ ਦੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਸੁਣਵਾਈ ਕੀਤੀ ਤੇ ਨਾ ਹੀ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਹੀ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਿਸ ਕਰਕੇ ਉਹ ਅੱਜ ਸੂਬਾ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ 'ਚ ਨਾਮ ਨਾ ਦਰਜ ਕੀਤੇ ਗਏ ਤਾਂ ਲੋਕਾਂ ਵੱਲੋਂ ਵੱਡਾ ਸ਼ੰਘਰਸ ਉਲੀਕਿਆ ਜਾਵੇਗਾ।
ਪਿੰਡ ਬਲਿਆਲ ਵਿਖੇ ਪ੍ਰਦਰਸ਼ਨ ਕਰਦੇ ਲੋਕ।