ਅਪੰਗ ਲੋਕਾਂ ਦਾ ਮਜਾਕ ਉਡਾਉਣ ਦੇ ਕਮੇਡੀ ਕਲਾਕਾਰ 'ਤੇ ਦੋਸ਼
ਮਾਮਲਾ ਅੈੱਸ.ਅੈੱਸ.ਪੀ. ਕੋਲ ਪੁੱਜਾ
ਭਵਾਨੀਗੜ, 1 ਜੂਨ (ਗੁਰਵਿੰਦਰ ਸਿੰਘ): ਵੀਡੀਓ ਬਣਾ ਕੇ ਅਪੰਗ ਲੋਕਾਂ ਦਾ ਕਥਿਤ ਮਜ਼ਾਕ ਉਡਾਉਣ 'ਤੇ ਪੰਜਾਬੀ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਖਿਲਾਫ਼ ਸ਼ਿਕਾਇਤ ਦੇ ਕੇ ਸਮੂਹ ਅੰਗਹੀਣ ਭਾਈਚਾਰੇ ਨੇ ਪੁਲਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਅੈੱਸ.ਅੈੱਸ.ਪੀ. ਸੰਗਰੂਰ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿੰਦੇ ਹੋਏ ਚਮਕੌਰ ਸਿੰਘ ਫੁੰਮਣਵਾਲ ਤੇ ਸਤਨਾਮ ਸਿੰਘ ਨਾਭਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬੀ ਹਾਸਰੱਸ ਕਲਾਕਾਰ ਗੁਰਚੇਤ ਚਿਤਰਕਾਰ ਵੱਲੋਂ ਇੱਕ ਅਜਿਹੀ ਵੀਡੀਓ ਬਣਾਈ ਗਈ ਹੈ ਜਿਸ ਵਿਚ ਗੁਰਚੇਤ ਚਿਤਰਕਾਰ ਅਤੇ ਉਸਦੇ ਨਾਲ ਕੁਝ ਹੋਰ ਵਿਅਕਤੀ ਅੰਗਹੀਣਾਂ ਦਾ ਮਜਾਕ ਬਣਾਉਂਦੇ ਹੋਏ ਦਿੱਖ ਰਹੇ ਹਨ। ਕਲਾਕਾਰ ਦੀ ਇਸ ਹਰਕਤ ਨਾਲ ਸਮੂਹ ਅੰਗਹੀਣ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ। ਫੁੰਮਣਵਾਲ ਨੇ ਕਿਹਾ ਕਿ ਗੁਰਚੇਤ ਚਿਤਰਕਾਰ ਦੀ ਇਹ ਵੀਡੀਓ ਸ਼ੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਸਮੂਹ ਅੰਗਹੀਣ ਭਾਈਚਾਰੇ ਵਿਚ ਗੁਰਚੇਤ ਚਿਤਰਕਾਰ ਦੇ ਖਿਲਾਫ ਰੋਸ ਦੀ ਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਚੇਤ ਚਿਤਰਕਾਰ ਪ੍ਸਿੱਧ ਹਾਸ ਕਲਾਕਾਰ ਹਨ ਉਹਨਾਂ ਨੂੰ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਮਾਜ ਵਿਚ ਗਲਤ ਸੰਦੇਸ਼ ਜਾਵੇ। ਇਸ ਲਈ ਸਮੂਹ ਅੰਗਹੀਣ ਭਾਈਚਾਰਾ ਗੁਰਚੇਤ ਚਿਤਰਕਾਰ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਾ ਹੈ। ਉਨ੍ਹਾਂ ਚੇਤਾਵਨੀ ਦਿਤੀ ਕਿ ਜੇਕਰ ਵੀਡੀਓ ਡਿਲੀਟ ਕਰਕੇ ਗੁਰਚੇਤ ਚਿੱਕਰਕਾਰ ਜਨਤਕ ਤੌਰ 'ਤੇ ਸਮੂਹ ਭਾਈਚਾਰੇ ਕੋਲੋਂ ਮੁਆਫੀ ਨਹੀਂ ਮੰਗਦਾ ਤਾਂ ਉਸ ਖਿਲਾਫ਼ ਸੂਬੇ ਭਰ ਵਿੱਚ ਪ੍ਦਰਸ਼ਨ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਸੁਖਰਾਜ ਸਿੰਘ ਗਹਿਲਾਂ, ਦਵਿੰਦਰ ਸਿੰਘ ਰਟੋਲਾ,ਗੁਰਸੇਵਕ ਸਿੰਘ ਟਾਡੀਆਂ,ਸੁਖਜੀਤ ਸਿੰਘ ਗਲਾਟੀ, ਬਲਕਾਰ ਸਿੰਘ ਖੜਿਆਲ, ਸੁਖਜੀਤ ਸਿੰਘ,ਗਮਦੂਰ ਸਿੰਘ ਬੁਢਲਾਡਾ, ਰਾਮਪਾਲ ਸਿੰਘ ਆਲੀਕੇ, ਗਗਨਪ੍ਰੀਤ ਸਿੰਘ ਆਦਿ ਨੇ ਵੀ ਉਕਤ ਮਾਮਲੇ 'ਚ ਰੋਸ ਜਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਕਲਾਕਾਰ ਖਿਲਾਫ਼ ਰੋਸ ਜਤਾਉਦੇ ਹੋਏ ਅੰਗਹੀਣ ਭਾਏਚਾਰੇ ਦੇ ਲੋਕ।