ਕੋਰੋਨਾ ਨੇ ਭਵਾਨੀਗੜ ਬਲਾਕ 'ਚ ਦਿੱਤੀ ਦਸਤਕ
3 ਪਾਜਿਟਿਵ ਮਰੀਜ਼ ਆਏ ਸਾਹਮਣੇ
ਭਵਾਨੀਗੜ੍ਹ, 2 ਮਈ (ਗੁਰਵਿੰਦਰ ਸਿੰਘ): ਬਲਾਕ ਭਵਾਨੀਗੜ ਵਿੱਚ ਕੋਰੋਨਾ ਦੇ ਤਿੰਨ ਪਾਜੀਟਿਵ ਮਰੀਜ ਸਾਹਮਣੇ ਆਉਣ ਨਾਲ ਇਲਾਕੇ 'ਚ ਹੜਕੰਪ ਮੱਚ ਗਿਆ। ਇਲਾਕੇ ਦੇ 3 ਪਿੰਡਾਂ 'ਚੋਂ 2 ਮਹਿਲਾਵਾਂ ਅਤੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਭਵਾਨੀਗੜ ਡਾ. ਪਰਵੀਨ ਗਰਗ ਨੇ ਦੱਸਿਆ ਕਿ ਬਲਾਕ ਦੇ ਪਿੰਡ ਨੰਦਗੜ੍ਹ ਦਾ 38 ਸਾਲਾ ਇਕ ਵਿਕਅਤੀ ਜੋ ਕਿ ਪਿਛਲੇ ਦਿਨੀਂ ਗੁਜਰਾਤ ਸੂਬੇ 'ਚੋੋਂ ਆਇਆ ਸੀ ਇਸ ਤੋਂ ਇਲਾਵਾ ਪਿੰਡ ਬਖੋਪੀਰ ਦੀ 28 ਸਾਲਾ ਇਕ ਔਰਤ ਜੋ ਕਿ ਦਿੱਲੀ ਤੋਂ ਆਈ ਸੀ ਅਤੇ ਪਿੰਡ ਕਾਕੜਾ ਦੀ ਇਕ ਆਂਗਣਬਾੜੀ ਵਰਕਰ ਜਿਸ ਦੀ ਅਜੇ ਕੋਈ ਯਾਤਰਾ ਸੰਬੰਧੀ ਹਿਸਟਰੀ ਨਹੀਂ ਹੈ, ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਘਾਬਦਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਪ੍ਰਾਇਮਰੀ ਕੰਟੈਕਟ ਟਰੇਸਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਵਿਚ ਸਰਕਾਰ ਵੱਲੋਂ ਦਿੱਤੀ ਢਿੱਲ ਨੂੰ ਉਹ ਕੋਰੋਨਾ ਦਾ ਖਾਤਮਾ ਨਾ ਸਮਝਣ ਅਤੇ ਸਰਕਾਰ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਬਚਾਅ ਕਰਨ। ਇਸ ਲਈ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਘਰਾਂ ਤੋਂ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣ ਅਤੇ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜ਼ਰੂਰ ਕਰਨ। ਇਸ ਤੋਂ ਇਲਾਵਾ ਹਰ ਕੋਈ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਵੇ ਅਤੇ ਸੈਨੇਟਾਇਜ਼ਰ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ।