ਦਲਿਤ ਵਿਰੋਧੀ ਮਤੇ ਖਿਲਾਫ ਸ਼ੰਘਰਸ ਕਮੇਟੀ ਵੱਲੋਂ ਪ੍ਦਰਸ਼ਨ
ਕਾਰਵਾਈ ਨਾ ਹੋਣ 'ਤੇ ਸੂਬਾ ਪੱਧਰੀ ਵਿਢਾਂਗੇ ਸ਼ੰਘਰਸ਼ : ਮਲੌਦ
ਭਵਾਨੀਗੜ, 7 ਜੂਨ (ਗੁਰਵਿੰਦਰ ਸਿੰਘ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਪਿੰਡ ਘਰਾਚੋੰ ਵਿਖੇ ਧੂਰੀ ਦੇ ਪਿੰਡ ਘਨੌਰੀ ਖੁਰਦ ਦੀ ਦਲਿਤ ਵਿਰੋਧੀ ਪੰਚਾਇਤ ਦੇ ਖਿਲਾਫ ਰੋਸ ਪ੍ਦਰਸ਼ਨ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਸਮੇਤ ਪਿੰਡ ਘਰਾਚੋਂ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਘਨੌਰੀ ਖੁਰਦ ਦੀ ਪੰਚਾਇਤ ਵੱਲੋਂ ਜੋ ਮਤਾ ਕਿਰਤੀ ਤੇ ਦਲਿਤਾਂ ਦੇ ਵਿਰੋਧ ਵਿੱਚ ਪਾਇਆ ਗਿਆ ਹੈ ਜਿਸ ਅਨੁਸਾਰ ਦਲਿਤਾਂ ਨੂੰ ਖੇਤਾਂ ਵਿੱਚ ਕੰਮ ਕਰਨ ਜਾਣ ਦੇ ਦੌਰਾਨ ਘਰੋਂ ਆਪਣੇ ਬਰਤਨ ਵੱਖਰੇ ਤੌਰ 'ਤੇ ਲੈ ਕੇ ਆਉਣੇ ਹੋਣਗੇ, ਖੇਤ ਵਿੱਚ ਝੋਨੇ ਦੀ ਲਵਾਈ ਦਾ ਰੇਟ ਵੀ ਮਜ਼ਦੂਰ ਆਪ ਨਹੀਂ ਤੈਅ ਕਰ ਸਕਣਗੇ। ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਕਿਰਤੀ ਲੋਕਾਂ ਵਿਰੋਧੀ ਮਤਾ ਪਾਇਆ ਜਾਣਾ ਮਨੂਵਾਦੀ ਸੋਚ ਦਾ ਹੀ ਪ੍ਰਗਟਾਵਾ ਹੈ। ਪੰਚਾਇਤ ਦੀ ਅਜਿਹੀ ਨੀਚ ਹਰਕਤ ਉੱਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਕੋਈ ਕਾਰਵਾਈ ਨਾ ਕਰਨਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਅਾਗੂਆਂ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡ ਦੀ ਪੰਚਾਇਤ ਹੀ ਨਹੀਂ ਬਲਕਿ ਇਥੋਂ ਦੀ ਸਰਕਾਰ ਅਤੇ ਪ੍ਰਸ਼ਾਸਨ ਵੀ ਦਲਿਤ ਵਿਰੋਧੀ ਸੋਚ ਰੱਖਦਾ ਹੈ। ਜਿਸ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੰਮਕੇ ਨਿਖੇਧੀ ਕਰਦੀ ਹੈ।ਇਸ ਮੌਕੇ ਅਾਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਸ਼ਾਸਨ ਸਬੰਧਤ ਪੰਚਾਇਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਤਾਂ ਪਿੰਡ ਘਨੌਰੀ ਖੁਰਦ ਦੀ ਪੰਚਾਇਤ ਦੇ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੂਬਾ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ
ਮਤੇ ਖਿਲਾਫ ਨਾਅਰੇਬਾਜੀ ਕਰਦੇ ਸ਼ੰਘਰਸ਼ ਕਮੇਟੀ ਦੇ ਕਾਰਕੁੰਨ।